ਗੋਆ ਨਾਈਟ ਕਲੱਬ ਅੱਗੇ ਹਾਦਸੇ ਦੇ ਮਾਮਲੇ ’ਚ ਜਾਂਚ ਰੀਪੋਰਟ ਪੇਸ਼, ਅਧਿਕਾਰਤ ਪੱਧਰਾਂ ਉਤੇ ਗੰਭੀਰ ਗਲਤੀਆਂ ਅਤੇ ਮਿਲੀਭੁਗਤ ਵਲ ਇਸ਼ਾਰਾ
ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਗਿਆ ਸੀ ਕਲੱਬ, ਲਾਇਸੈਂਸ ਤੋਂ ਵੀ ਬਗੈਰ ਚਲ ਰਿਹਾ ਸੀ
ਪਣਜੀ : ਗੋਆ ਨਾਈਟ ਕਲੱਬ, ਜਿੱਥੇ ਦਸੰਬਰ ਦੇ ਸ਼ੁਰੂ ਵਿਚ ਭਿਆਨਕ ਅੱਗ ਲੱਗਣ ਨਾਲ 25 ਲੋਕਾਂ ਦੀ ਮੌਤ ਹੋ ਗਈ ਸੀ, ਨੂੰ ਗੈਰ-ਕਾਨੂੰਨੀ ਤੌਰ ਉਤੇ ਇਕ ਨਮਕ ਬਣਾਉਣ ਵਾਲੀ ਥਾਂ ਉਤੇ ਬਣਾਇਆ ਗਿਆ ਸੀ ਅਤੇ ਬਿਨਾਂ ਕਿਸੇ ਜਾਇਜ਼ ਵਪਾਰ ਲਾਇਸੈਂਸ ਦੇ ਕੰਮ ਕਰ ਰਿਹਾ ਸੀ, ਜੋ ਕਿ ਕਈ ਅਧਿਕਾਰਤ ਪੱਧਰਾਂ ਉਤੇ ਗੰਭੀਰ ਗਲਤੀਆਂ ਅਤੇ ਮਿਲੀਭੁਗਤ ਵਲ ਇਸ਼ਾਰਾ ਕਰਦਾ ਹੈ। ਇਹ ਗੱਲਾਂ ਸਰਕਾਰ ਵਲੋਂ ਬਣਾਈ ਮੈਜਿਸਟ੍ਰੇਟ ਦੀ ਜਾਂਚ ਰੀਪੋਰਟ ਵਿਚ ਲਿਖੀਆਂ ਹਨ, ਜੋ ਅੱਜ ਪੇਸ਼ ਕੀਤੀ ਗਈ।
ਬੁਧਵਾਰ ਨੂੰ ਜਨਤਕ ਕੀਤੀ ਗਈ ਜਾਂਚ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਉੱਤਰੀ ਗੋਆ ਦੇ ਅਰਪੋਰਾ ਪਿੰਡ ’ਚ ਸਥਿਤ ‘ਬਿਰਚ ਬਾਈ ਰੋਮਿਓ ਲੇਨ’ ਨਾਈਟ ਕਲੱਬ ਬਿਨਾਂ ਕਿਸੇ ਜਾਇਜ਼ ਲਾਇਸੈਂਸ ਦੇ ਗੈਰ-ਕਾਨੂੰਨੀ ਢੰਗ ਨਾਲ ਚੱਲਦਾ ਰਿਹਾ ਅਤੇ ਸਥਾਨਕ ਪੰਚਾਇਤ ਨੇ ਜਾਇਦਾਦ ਨੂੰ ਸੀਲ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ। ਅਦਾਰੇ ਉਤੇ ‘ਸਹੀ ਦੇਖਭਾਲ ਅਤੇ ਸਾਵਧਾਨੀ ਤੋਂ ਬਿਨਾਂ’ ਅਤੇ ਲੋੜੀਂਦੇ ਫਾਇਰ ਸੇਫਟੀ ਉਪਕਰਣਾਂ ਤੋਂ ਬਿਨਾਂ ਆਤਿਸ਼ਬਾਜ਼ੀ ਕੀਤੀ ਗਈ ਸੀ, ਜਿਸ ਨਾਲ 6 ਦਸੰਬਰ ਦੀ ਰਾਤ ਨੂੰ ਅੱਗ ਲੱਗ ਗਈ। ਰਾਜ ਸਰਕਾਰ ਨੇ ਬੁਧਵਾਰ ਨੂੰ ਪੂਰੀ ਰੀਪੋਰਟ ਮੀਡੀਆ ਨੂੰ ਜਾਰੀ ਕੀਤੀ।
ਜਾਂਚ ਵਿਚ ਦਰਜ ਕੀਤਾ ਗਿਆ ਹੈ ਕਿ ਅਰਪੋਰਾ ਨਾਗੋਆ ਦੀ ਗ੍ਰਾਮ ਪੰਚਾਇਤ ਨੇ 16 ਦਸੰਬਰ, 2023 ਨੂੰ ‘ਬੀਇੰਗ ਜੀ.ਐਸ. ਹੋਸਪਿਟੈਲਿਟੀ ਗੋਆ ਅਰਪੋਰਾ ਐਲਐਲਪੀ’ ਨੂੰ ਬਾਰ ਅਤੇ ਰੈਸਟੋਰੈਂਟ-ਕਮ-ਨਾਈਟ ਕਲੱਬ ਚਲਾਉਣ ਲਈ ਇਕ ਸਥਾਪਨਾ ਲਾਇਸੈਂਸ ਜਾਰੀ ਕੀਤਾ, ਜੋ 31 ਮਾਰਚ, 2024 ਤਕ ਜਾਇਜ਼ ਸੀ। ਇਸ ਤੋਂ ਬਾਅਦ ਲਾਇਸੈਂਸ ਦਾ ਨਵੀਨੀਕਰਨ ਨਹੀਂ ਕੀਤਾ ਗਿਆ।
ਰੀਪੋਰਟ ਵਿਚ ਕਿਹਾ ਗਿਆ ਹੈ, ਇਮਾਰਤ ਬਿਨਾਂ ਜਾਇਜ਼ ਵਪਾਰ ਲਾਇਸੈਂਸ ਦੇ ਗੈਰ-ਕਾਨੂੰਨੀ ਢੰਗ ਨਾਲ ਚੱਲਦੀ ਰਹੀ ਅਤੇ ਗ੍ਰਾਮ ਪੰਚਾਇਤ ਵਲੋਂ ਜਾਇਦਾਦ ਨੂੰ ਸੀਲ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।
ਪੰਚਾਇਤ ਸਕੱਤਰ ਰਘੁਵੀਰ ਬਾਗੜ ਨੇ ਜਾਂਚ ਪੈਨਲ ਦੇ ਸਾਹਮਣੇ ਅਪਣੇ ਬਿਆਨ ਵਿਚ ਮੰਨਿਆ ਕਿ ਹਾਲਾਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਨੇ ਟ੍ਰੇਡ ਲਾਇਸੈਂਸ ਦਾ ਨਵੀਨੀਕਰਨ ਨਹੀਂ ਕੀਤਾ ਹੈ, ਪਰ ਉਨ੍ਹਾਂ ਨੇ ਕਿਸੇ ਹੋਰ ਲਾਈਨ ਵਿਭਾਗ ਨੂੰ ਸੂਚਿਤ ਨਹੀਂ ਕੀਤਾ ਜਿਸ ਨੇ ਪੰਚਾਇਤ ਵਲੋਂ ਜਾਰੀ ਕੀਤੇ ਗਏ ਟ੍ਰੇਡ ਲਾਇਸੈਂਸ ਉਤੇ ਭਰੋਸਾ ਕੀਤਾ ਹੈ ਅਤੇ ਉਨ੍ਹਾਂ ਨੂੰ ਪ੍ਰਵਾਨਗੀਆਂ/ਲਾਇਸੈਂਸ ਦੇ ਦਿਤੇ ਹਨ।
ਰੀਪੋਰਟ ਮੁਤਾਬਕ ਪਿੰਡ ਦੇ ਸਰਪੰਚ ਰੌਸ਼ਨ ਰੈਡਕਰ ਨੇ ਜਾਂਚ ਦੀ ਅਗਵਾਈ ਕਰ ਰਹੇ ਮੈਜਿਸਟਰੇਟ ਸਾਹਮਣੇ ਮੰਨਿਆ ਕਿ ਪੰਚਾਇਤ ਨੇ ਨਾ ਤਾਂ ਇਮਾਰਤ ਨੂੰ ਸੀਲ ਕੀਤਾ ਅਤੇ ਨਾ ਹੀ ਨਾਈਟ ਕਲੱਬ ਦੇ ਲਾਇਸੈਂਸ ਰੱਦ ਕਰਨ ਬਾਰੇ ਸਬੰਧਤ ਵਿਭਾਗਾਂ ਨੂੰ ਸੂਚਿਤ ਕੀਤਾ।