Jammu & Kashmir ਦੀ ਚਨਾਬ ਘਾਟੀ ’ਚ ਅਤਿਵਾਦ ਦੇ ਖ਼ਤਰੇ ਨਾਲ ਨਜਿੱਠਣ ਲਈ ਸੁਰੱਖਿਆ ਬਲਾਂ ਨੇ ਚੌਕਸੀ ਵਧਾਈ
ਜੰਮੂ ਖੇਤਰ ਦੇ ਜੰਗਲਾਂ ’ਚ ਕਰੀਬ 30 ਤੋਂ 35 ਪਾਕਿਸਤਾਨੀ ਅਤਿਵਾਦੀ ਸਰਗਰਮ , ਪਿਛਲੇ ਹਫ਼ਤੇ ਤੋਂ ਅਤਿਵਾਦ ਵਿਰੋਧੀ ਇਕ ਵੱਡੀ ਮੁਹਿੰਮ ਜਾਰੀ
ਭੱਦਰਵਾਹ/ਜੰਮੂ : ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ.) ਨੇ ਚਨਾਬ ਘਾਟੀ ਜ਼ਿਲ੍ਹੇ ਦੇ ਉੱਚੇ ਇਲਾਕਿਆਂ ’ਚ ਚੌਕਸੀ ਵਧਾ ਦਿਤੀ ਹੈ ਤਾਂ ਜੋ ਅਤਿਵਾਦੀਆਂ ਵਲੋਂ ਨਵੇਂ ਸਾਲ ਦੇ ਜਸ਼ਨਾਂ ’ਚ ਵਿਘਨ ਪਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕੀਤਾ ਜਾ ਸਕੇ। ਅਧਿਕਾਰੀਆਂ ਨੇ ਕਿਹਾ ਕਿ ਚਨਾਬ ਘਾਟੀ ਦੇ ਉਪਰਲੇ ਹਿੱਸੇ ਵਿਚ ਬਰਫ ਨਾਲ ਢਕਿਆ ਖੇਤਰ ਅਤੇ ਨਾਲ ਲਗਦੇ ਜ਼ਿਲੇ ਊਧਮਪੁਰ, ਰਿਆਸੀ ਅਤੇ ਕਠੂਆ ਸ਼ਾਮਲ ਹਨ। ਪਿਛਲੇ ਹਫ਼ਤੇ ਤੋਂ ਚਨਾਬ ਘਾਟੀ ਦੇ ਨਾਲ-ਨਾਲ ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ ਵਿਚ ਅਤਿਵਾਦ ਵਿਰੋਧੀ ਇਕ ਵੱਡੀ ਮੁਹਿੰਮ ਚੱਲ ਰਹੀ ਹੈ।
ਖੁਫੀਆ ਜਾਣਕਾਰੀ ਮੁਤਾਬਕ ਜੰਮੂ ਖੇਤਰ ਦੇ ਜੰਗਲਾਂ ’ਚ ਕਰੀਬ 30 ਤੋਂ 35 ਪਾਕਿਸਤਾਨੀ ਅਤਿਵਾਦੀ ਸਰਗਰਮ ਹਨ ਅਤੇ ਹਾਲ ਹੀ ’ਚ ਉਪਰਲੇ ਇਲਾਕਿਆਂ ’ਚ ਬਰਫਬਾਰੀ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢਣ ਦੀ ਮੁਹਿੰਮ ਤੇਜ਼ ਕਰ ਦਿਤੀ ਗਈ ਹੈ। ਸੁਰੱਖਿਆ ਬਲਾਂ ਨੂੰ ਡਰ ਹੈ ਕਿ ਪਹਾੜੀ ਦੱਰਿਆਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਤੋਂ ਪਹਿਲਾਂ ਅਤਿਵਾਦੀ ਨੀਵੇਂ ਇਲਾਕਿਆਂ ਵਿਚ ਮਨੁੱਖੀ ਬਸਤੀਆਂ ਦੇ ਨੇੜੇ ਆ ਜਾਣਗੇ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਖੁਫੀਆ ਸੂਚਨਾ ਮਿਲੀ ਹੈ ਕਿ ਭੱਦਰਵਾਹ ਨਾਲ ਲਗਦੇ ਡੋਡਾ, ਕਿਸ਼ਤਵਾੜ ਅਤੇ ਊਧਮਪੁਰ ਜ਼ਿਲੇ ਦੇ ਕੁੱਝ ਹਿੱਸਿਆਂ ’ਚ ਪਿਛਲੇ ਦੋ ਸਾਲਾਂ ਤੋਂ ਸਰਗਰਮ ਅਤਿਵਾਦੀ ਸਮੂਹ ਸੰਘਣੀ ਧੁੰਦ, ਬਹੁਤ ਜ਼ਿਆਦਾ ਠੰਡ ਅਤੇ ਮੁਸ਼ਕਿਲ ਇਲਾਕਿਆਂ ਦਾ ਫਾਇਦਾ ਉਠਾ ਕੇ ਨਵੇਂ ਸਾਲ ਦੇ ਜਸ਼ਨਾਂ ’ਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਤਿਵਾਦ ਵਿਰੋਧੀ ਮੁਹਿੰਮ ਉੱਚੇ, ਮੱਧ ਅਤੇ ਉਪਰਲੇ ਪਹਾੜੀ ਖੇਤਰਾਂ ਉਤੇ ਕੇਂਦ੍ਰਿਤ ਹੈ।