ਤੇਲੰਗਾਨਾ: 80 ਸਾਲ ਦੇ ਬਜ਼ੁਰਗ ਨੇ ਜ਼ਿੰਦਾ ਰਹਿੰਦਿਆਂ ਅਪਣੀ ਕਬਰ ਬਣਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਬਰ ਲਕਸ਼ਮੀਪੁਰਮ ਪਿੰਡ ’ਚ ਉਸ ਦੀ ਪਤਨੀ ਦੀ ਕਬਰ ਨੇੜੇ ਬਣਾਈ ਗਈ 

Telangana: 80-year-old man builds his own tomb while still alive

ਹੈਦਰਾਬਾਦ : ਤੇਲੰਗਾਨਾ ਦੇ ਜਗਤਿਆਲ ਜ਼ਿਲ੍ਹੇ ’ਚ ਇਕ 80 ਸਾਲ ਦੇ ਬਜ਼ੁਰਗ ਨੇ ਜ਼ਿੰਦਾ ਰਹਿੰਦਿਆਂ ਹੀ ਅਪਣੀ ਕਬਰ ਪੁੱਟ ਲਈ ਹੈ। ਇਹ ਕਬਰ ਲਕਸ਼ਮੀਪੁਰਮ ਪਿੰਡ ’ਚ ਉਸ ਦੀ ਪਤਨੀ ਦੀ ਕਬਰ ਨੇੜੇ ਬਣਾਈ ਗਈ ਹੈ।

ਅਪਣੀ ਕਬਰ ਬਣਾਉਣ ਵਾਲੇ ਬਜ਼ੁਰਗ ਨੱਕਾ ਇੰਦਰੱਈਆ ਨੇ ਕਬਰਿਸਤਾਨ ਉਤੇ ਜ਼ਿੰਦਗੀ ਅਤੇ ਮੌਤ ਦੀ ਸੱਚਾਈ ਨੂੰ ਦਰਸਾਉਂਦੀ ਸੰਦੇਸ਼ ਵਾਲੀ ਤਖ਼ਤੀ ਵੀ ਲਗਾਈ ਹੈ। ਗ੍ਰੇਨਾਈਟ ਨਾਲ ਬਣੀ ਇਸ ਕਬਰ ਦਾ ਨਿਰਮਾਣ ਤਮਿਲਨਾਡੂ ਦੇ ਰਾਜ ਮਿਸਤਰੀ ਦੀ ਮਦਦ ਨਾਲ ਲਗਭਗ 12 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਸੀ। 
ਇੰਦਰੱਈਆ ਨੇ ਕਿਹਾ, ‘‘ਮੈਂ ਚਾਰ-ਪੰਜ ਮਕਾਨ, ਇਕ ਸਕੂਲ ਅਤੇ ਇਕ ਚਰਚ ਬਣਾਇਆ ਹੈ ਅਤੇ ਹੁਣ ਮੇਰੀ ਕਬਰ ਵੀ ਬਣਾਈ। ਮੈਂ ਬਹੁਤ ਖੁਸ਼ ਹਾਂ। ਕਬਰ ਬਣਾਉਣ ਨਾਲ ਬਹੁਤ ਸਾਰੇ ਲੋਕ ਦੁਖੀ ਹੁੰਦੇ ਹਨ, ਪਰ ਮੈਂ ਖੁਸ਼ ਹਾਂ।’’ ਉਨ੍ਹਾਂ ਕਿਹਾ ਕਿ ਜਿੱਥੇ ਕਬਰ ਬਣਾਈ ਗਈ ਹੈ, ਉੱਥੇ ਜਾਣਾ ਉਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਹੈ। ਉਹ ਨਿਯਮਿਤ ਤੌਰ ਉਤੇ ਆਲੇ-ਦੁਆਲੇ ਦੀ ਸਫਾਈ ਕਰਨ, ਪੌਦਿਆਂ ਨੂੰ ਪਾਣੀ ਦੇਣ ਅਤੇ ਉੱਥੇ ਕੁੱਝ ਸਮਾਂ ਬਿਤਾਉਣ ਲਈ ਜਾਂਦੇ ਹਨ। 

ਚਾਰ ਬੱਚਿਆਂ ਦੇ ਪਿਤਾ ਇੰਦਰੱਈਆ ਅਪਣੇ ਪਰਵਾਰ ’ਚ ਹੁਣ ਤਕ ਨੌਂ ਵਿਆਹਾਂ ਕਰਵਾ ਚੁਕੇ ਹਨ। ਬਜ਼ੁਰਗ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਅਪਣੀ ਕਬਰ ਬਣਾ ਲਈ ਹੈ ਤਾਂ ਜੋ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਦਾਰਸ਼ਨਿਕ ਢੰਗ ਨਾਲ ਇੰਦਰਿਆ ਨੇ ਕਿਹਾ ਕਿ ਮੌਤ ਅਟੱਲ ਹੈ ਅਤੇ ਕੋਈ ਵੀ ਅਪਣੇ ਨਾਲ ਦੌਲਤ ਨਹੀਂ ਲੈ ਜਾ ਸਕਦਾ।