500 ਰੁਪਏ ਤੋਂ ਵੀ ਘੱਟ ਕੀਮਤ 'ਚ BSNL ਨੇ ਪੇਸ਼ ਕੀਤਾ ਨਵਾਂ ਫੀਚਰ ਫੋਨ

ਖ਼ਬਰਾਂ, ਰਾਸ਼ਟਰੀ

ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਦਿੱਲੀ ਦੀ ਮੋਬਾਇਲ ਨਿਰਮਾਤਾ ਕੰਪਨੀ ਡੀਟੈੱਲ ਨਾਲ ਸਾਂਝੇਦਾਰੀ 'ਚ 499 ਰੁਪਏ ਦਾ ਨਵਾਂ ਫੀਚਰ ਫੋਨ ਲਾਂਚ ਕੀਤਾ ਹੈ। ਇਸ ਫੋਨ ਨੂੰ ਭਾਰਤ ਸਰਕਾਰ ਦੇ ਸੰਚਾਰ ਮੰਤਰੀ ਮਨੋਜ ਸਿਨ੍ਹਾ ਦੁਆਰਾ ਲਾਂਚ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਨੂੰ ਇੰਨੀ ਹੀ ਕੀਮਤ 'ਚ ਪੂਰੇ ਭਾਰਤ 'ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।

ਬੀ.ਐੱਸ.ਐੱਨ.ਐੱਲ. ਦੇ ਇਕ ਬੁਲਾਰੇ ਨੇ ਲਾਂਚ ਮੌਕੇ ਕਿਹਾ ਕਿ ਅਸੀਂ ਆਪਣੇ ਗਾਹਕਾਂ ਨੂੰ ਸਸਤੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਸਾਡਾ ਟੀਚਾ ਪੂਰੇ ਦੇਸ਼ 'ਚ ਆਪਣੀ ਪਹੁੰਚ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸੇ ਲਈ  ਇਸ ਸਾਂਝੇਦਾਰੀ ਦੇ ਨਾਲ ਅਸੀਂ ਮੋਬਾਇਲ ਫੋਨ ਖਰੀਦਣ ਦੀ ਚਾਹ ਰੱਖਣ ਵਾਲੇ ਲੋਕਾਂ ਦੀ ਜ਼ਰੂਰਤ ਨੂੰ ਪੂਰਾ ਕਰਨਾ ਚਾਹੁੰਦੇ ਹਾਂ। 

ਫੋਨ ਦੇ ਨਾਲ ਮਿਲੇਗਾ ਕਿਫਾਇਤੀ ਪਲਾਨ
ਬੀ.ਐੱਸ.ਐੱਨ.ਐੱਲ. ਨੇ ਇਸ ਫੋਨ ਨੂੰ 153 ਰੁਪਏ ਦੇ ਟੈਰਿਫ ਪਲਾਨ ਦੇ ਨਾਲ ਪੇਸ਼ ਕੀਤਾ ਹੈ। ਇਸ ਫੋਨ ਦੀ ਅਸਲ 'ਚ ਕੀਮਤ 349 ਰੁਪਏ ਹੈ ਮਤਲਬ ਕਿ ਯੂਜ਼ਰ ਨੂੰ ਪਹਿਲੀ ਵਾਰ 499 ਰੁਪਏ ਦੇਣ 'ਤੇ ਟੈਰਿਫ ਪਲਾਨ ਦੇ ਨਾਲ ਹੀ ਮਿਲੇਗਾ। ਇਸ ਪਲਾਨ 'ਚ ਯੂਜ਼ਰ ਨੂੰ 103 ਰੁਪਏ ਦਾ ਟਾਕਟਾਈਮ ਮਿਲੇਗਾ ਅਤੇ ਯੂਜ਼ਰ ਬੀ.ਐੱਸ.ਐੱਨ.ਐੱਲ. ਤੋਂ ਬੀ.ਐੱਸ.ਐੱਨ.ਐੱਲ. 5 ਪੈਸੇ ਪ੍ਰਤੀ ਮਿੰਟ ਅਤੇ ਬਾਕੀ ਆਪਰੇਟਰਾਂ 'ਤੇ 40 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਕਾਲ ਕਰ ਸਕਣਗੇ। ਇਸ ਪਲਾਨ ਦੀ ਮਿਆਦ 365 ਦਿਨਾਂ ਦੀ ਹੋਵੇਗੀ।

ਫੋਨ ਦੇ ਫੀਚਰਸ
ਇਸ ਫੀਚਰ ਫੋਨ 'ਚ 1.44-ਇੰਚ ਦੀ ਮੋਨੋਕ੍ਰੋਮ ਡਿਸਪਲੇਅ ਦਿੱਤੀ ਗਈ ਹੈ। ਫਿਜ਼ੀਕਲ ਕੀ-ਪੈਡ ਦੇ ਨਾਲ ਇਸ ਸਿੰਗਲ ਸਿਮ ਫੋਨ 'ਚ 650 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ। ਇਸ ਤੋਂ ਇਲਾਵਾ ਇਸ ਵਿਚ ਟਾਰਚ ਲਾਈਟ, ਫੋਨਬੁੱਕ ਅਤੇ ਐੱਫ.ਐੱਮ. ਰੇਡੀਓ ਵਰਗੇ ਫੀਚਰ ਵੀ ਦਿੱਤੇ ਗਏ ਹਨ।