57000 ਫ਼ੌਜੀਆਂ ਦੀ ਦੁਬਾਰਾ ਤੈਨਾਤੀ ਹੋਵੇਗੀ : ਜੇਤਲੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 30 ਅਗੱਸਤ : ਸਰਕਾਰ ਨੇ ਅੱਜ ਐਲਾਨ ਕੀਤਾ ਕਿ ਭਾਰਤੀ ਫ਼ੌਜ ਦੀ ਲੜਾਕੂ ਸਮਰੱਥਾ ਵਧਾਉਣ ਲਈ ਉਸ ਵਿਚ ਵੱਡਾ ਸੁਧਾਰ ਕੀਤਾ ਜਾਵੇਗਾ।
ਇਸ ਸੁਧਾਰ ਤਹਿਤ ਕਰੀਬ 57000 ਅਧਿਕਾਰੀਆਂ ਅਤੇ ਹੋਰਾਂ ਦੀ ਦੁਬਾਰਾ ਤੈਨਾਤੀ ਕੀਤੀ ਜਾਵੇਗੀ ਅਤੇ ਸਾਧਨਾਂ ਦੀ ਬਿਹਤਰ ਵਰਤੋਂ ਯਕੀਨੀ ਬਣਾਈ ਜਾਵੇਗੀ। ਰਖਿਆ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਫ਼ੌਜ ਵਿਚ ਇਸ ਤਰ੍ਹਾਂ ਦੀ ਵੱਡੀ ਅਤੇ ਦੁਰਗਾਮੀ ਪ੍ਰਭਾਵ ਵਾਲੀ ਸੁਧਾਰ ਕਵਾਇਦ ਸ਼ੁਰੂ ਕੀਤੀ ਜਾ ਰਹੀ ਹੈ।
ਇਹ ਪੁੱਛੇ ਜਾਣ 'ਤੇ ਕਿ ਇਹ ਕਵਾਇਦ ਡੋਕਲਾਮ ਘਟਨਾਕ੍ਰਮ ਤੋਂ ਬਾਅਦ ਕੀਤੀ ਜਾ ਰਹੀ ਹੈ ਤਾਂ ਜੇਤਲੀ ਨੇ ਕਿਹਾ, 'ਇਹ ਕਿਸੇ ਵਿਸ਼ੇਸ਼ ਘਟਨਾ ਕਰ ਕੇ ਨਹੀਂ ਹੈ। ਇਹ ਡੋਕਲਾਮ ਮਾਮਲੇ ਤੋਂ ਕਾਫ਼ੀ ਪਹਿਲਾਂ ਚੱਲ ਰਿਹਾ ਹੈ।' ਸੁਧਾਰ ਪਹਿਲ ਦੀ ਸਿਫ਼ਾਰਸ਼ ਲੈਫ਼ਟੀਨੈਂਟ ਜਨਰਲ ਡੀ ਬੀ ਸ਼ੇਕਟਕਰ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਕੀਤੀ ਸੀ। ਕਮੇਟੀ ਨੂੰ ਫ਼ੌਜ ਦੀ ਲੜਾਕੂ ਸਮਰੱਕਾ ਵਧਾਉਣ ਅਤੇ ਹਥਿਆਰਬੰਦ ਬਲਾਂ ਨੂੰ ਰਖਿਆ ਖ਼ਰਚੇ ਦਾ ਸੰਤੁਲਨ ਸਥਾਪਤ ਕਰਨ ਦੀ ਸ਼ਕਤੀ ਦਿਤੀ ਗਈ ਸੀ।  ਉਨ੍ਹਾਂ ਕਿਹਾ ਕਿ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਸਾਲ 2019 ਦੇ ਅੰਤ ਤਕ ਲਾਗੂ ਕਰ ਦਿਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਰਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਫ਼ੈਸਲਾ ਕੀਤਾ ਸੀ ਜਿਸ ਨੂੰ ਬੁਧਵਾਰ ਨੂੰ ਪ੍ਰਵਾਨਗੀ ਦੇ ਦਿਤੀ ਗਈ।