97 ਕਰੋੜ ਦੇ ਪੁਰਾਣੇ ਨੋਟ ਬਰਾਮਦ, 16 ਗ੍ਰਿਫ਼ਤਾਰ

ਖ਼ਬਰਾਂ, ਰਾਸ਼ਟਰੀ

ਕਾਨਪੁਰ, 17 ਜਨਵਰੀ: ਕਾਨਪੁਰ ਪੁਲਿਸ ਨੇ ਸ਼ਹਿਰ ਦੇ ਵੱਡੇ ਬਿਲਡਰ ਦੇ ਘਰ ਤੋਂ ਲਗਭਗ 97 ਕਰੋੜ ਰੁਪਏ ਦੇ ਨੋਟ ਬਰਾਮਦ ਕਰ ਕੇ ਬਿਲਡਰ ਸਮੇਤ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਨੀਅਰ ਪੁਲਿਸ ਅਧਿਕਾਰੀ ਅਖਿਲੇਸ਼ ਕੁਮਾਰ ਮੀਨਾ ਨੇ ਦਸਿਆ ਕਿ ਬਰਾਮਦ ਕੀਤੇ ਗਈ ਰਕਮ ਵਿਚੋਂ 95 ਕਰੋੜ ਬਿਲਡਰ ਆਨੰਦ ਖਤਰੀ ਦੇ ਸਨ ਜਦਕਿ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੇ ਪੁਰਾਣੇ ਨੋਟ ਇਕ ਦਰਜਨ ਤੋਂ ਵਧ ਲੋਕਾਂ ਦੇ ਸਨ। ਇਨ੍ਹਾਂ ਲੋਕਾਂ ਨੂੰ ਵੀ ਬਿਲਡਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਨੋਟਬੰਦੀ ਤੋਂ ਬਾਅਦ ਇਹ ਪੁਰਾਣੀ ਕਰੰਸੀ ਦੀ ਸੱਭ ਤੋਂ ਵੱਡੀ ਬਰਾਮਦਗੀ ਹੈ। ਸੂਤਰਾਂ ਨੇ ਦਸਿਆ ਕਿ ਨੋਟਾਂ ਦਾ ਬਿਸਤਰਾ ਬਣਾਇਆ ਗਿਆ ਸੀ। ਪੁਲਿਸ ਅਧਿਕਾਰੀ ਮੀਨਾ 

ਅਨੁਸਾਰ ਕੌਮੀ ਜਾਂਚ ਏਜੰਸੀ ਨੂੰ ਪੁਰਾਣੇ ਨੋਟਾਂ ਦੇ ਇਸ ਕਾਰੋਬਾਰ ਬਾਰੇ ਜਾਣਕਾਰੀ ਮਿਲੀ ਸੀ ਜਿਸ ਨੂੰ ਉਸ ਨੇ ਕਾਨਪੁਰ ਪੁਲਿਸ ਨੂੰ ਵੀ ਦਸਿਆ ਸੀ। ਪੁਲਿਸ ਨੇ ਪਹਿਲਾਂ ਚਾਰ ਵਿਅਕਤੀਆਂ ਨੂੰ ਸਵਰੂਪ ਨਗਰ ਤੋਂ ਗ੍ਰਿਫ਼ਤਾਰ ਕੀਤਾ। ਪਹਿਲਾਂ ਇਨ੍ਹਾਂ ਨੇ ਪੁਲਿਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿਚ ਅਪਣੇ ਇਸ ਗਿਰੋਹ ਬਾਰੇ ਜਾਣਕਾਰੀ ਦਿਤੀ। ਪੁਛਗਿਛ ਵਿਚ ਪਤਾ ਲੱਗਾ ਕਿ ਸ਼ਹਿਰ ਦਾ ਇਕ ਵੱਡਾ ਬਿਲਡਰ ਪੁਰਾਣੀ ਕਰੰਸੀ ਨੂੰ ਨਵੇਂ ਨੋਟਾਂ ਵਿਚ ਬਦਲਣ ਦਾ ਕੰਮ ਕਰ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਬਿਲਡਰ ਦੇ ਘਰ 'ਤੇ ਛਾਪਾ ਮਾਰ ਕੇ ਵੱਡੀ ਗਿਣਤੀ ਵਿਚ ਪੁਰਾਣੇ ਨੋਟ ਬਰਾਮਦ ਕੀਤੇ।    (ਪੀ.ਟੀ.ਆਈ.)