ਆਦਮਪੁਰ ਹਵਾਈ ਅੱਡੇ ਦਾ ਨਾਮ ਬਦਲਣ ਬਾਬਤ ਮਤਾ ਪਾਸ

ਖ਼ਬਰਾਂ, ਰਾਸ਼ਟਰੀ

ਚੰਡੀਗੜ੍ਹ, 28 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) :ਪੰਜਾਬ ਵਿਧਾਨ ਸਭਾ ਨੇ ਅੱਜ ਆਦਮਪੁਰ ਘਰੇਲੂ ਹਵਾਈ ਟਰਮੀਨਲ ਦਾ ਨਾਂ ਬਦਲਣ ਬਾਬਤ ਮਤਾ ਸਰਬਸੰਮਤੀ ਨਾਲ ਪਾਸ ਕਰ ਕੇ ਪੰਜਾਬ ਸਰਕਾਰ ਨੂੰ ਕੇਂਦਰੀ ਸ਼ਹਿਰੀ ਹਵਾਬਾਜ਼ੀ ਨਾਲ ਤਾਲਮੇਲ ਕਰਨ ਸਬੰਧੀ ਪੂਰਨ ਅਧਿਕਾਰ ਦੇ ਦਿਤੇ।ਪਾਰਟੀ ਵਿਚਾਰ ਧਾਰਾ ਨੂੰ ਦਰਕਿਨਾਰ ਕਰਦਿਆਂ ਮੈਂਬਰਾਂ ਨੇ ਕਿਹਾ ਕਿ ਇਸ ਟਰਮੀਨਲ ਦਾ ਨਾਂ ਸ੍ਰੀ ਗੁਰੂ ਰਵੀਦਾਸ ਜੀ ਦੇ ਨਾਂ ਤੇ ਰਖਿਆ ਜਾਣਾ ਚਾਹੀਦਾ ਹੈ।

 ਇਹ ਮਤਾ ਵਿਧਾਨਕ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਪੇਸ਼ ਕੀਤਾ। ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਇਸ ਦੀ ਭਰਪੂਰ ਸ਼ਲਾਘਾ ਕੀਤੀ ਗਈ। ਦੋ ਅਹਿਮ ਬਿਲਾਂ ਨੂੰ ਜ਼ੁਬਾਨੀ ਵੋਟਾਂ ਰਾਹੀਂ ਪਾਸ ਕਰ ਦਿੱਤਾ ਗਿਆ। ਇਹ ਦੋਵੇਂ ਬਿਲ ਵਿਧਾਨਕ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਪੇਸ਼ ਕੀਤੇ ਗਏ ਅਤੇ ਸਪੀਕਰ ਵਲੋਂ ਵੋਟਿੰਗ ਵੀ ਕਰਵਾਈ ਗਈ ।ਭਾਰਤੀ ਮੋਹਰਾਂ (ਪੰਜਾਬ ਸੋਧਨਾ ) ਬਿਲ 2017 ਪਹਿਲਾਂ ਇਸ ਸਬੰਧੀ ਜਾਰੀ ਆਰਡੀਨੈਂਸ ਦੀ ਥਾਂ ਲਵੇਗਾ। ਇਸ ਤੋਂ ਇਲਾਵਾ ਸਪੀਕਰ ਵਲੋਂ ਤੁਰਤ ਵਿਚਾਰ ਕਰਨ ਲਈ ਬਿਲ ਨੂੰ ਪ੍ਰਵਾਨਗੀ ਦਿਤੀ ਗਈ, ਉਹ ਪੰਜਾਬ ਲੈਜਿਸਲੇਟਿਵ ਅਸੈਂਬਲੀ ( ਸੈਲਰੀ ਐਂਡ ਅਲਾਊਂਸਸ ਆਫ ਮੈਂਬਰ) ਅਮੈਂਡਮੈਂਟ ਬਿਲ 2017 ਹੈ।