ਆਧਾਰ ਅੰਕੜਿਆਂ ਦੀ ਸੁਰੱਖਿਆ 'ਤੇ ਇਕ ਵਾਰੀ ਫਿਰ ਸਵਾਲ

ਖ਼ਬਰਾਂ, ਰਾਸ਼ਟਰੀ

ਗੁਜਰਾਤ 'ਚ ਰਾਸ਼ਨ ਦੀਆਂ ਦੁਕਾਨਾਂ ਦੇ ਦੋ ਮਾਲਕ ਗ੍ਰਿਫ਼ਤਾਰ

ਸੂਰਤ, 3 ਫ਼ਰਵਰੀ: ਸਰਕਾਰ ਭਾਵੇਂ ਜਿੰਨੇ ਮਰਜ਼ੀ ਦਾਅਵੇ ਕਰਦੀ ਰਹੇ ਪਰ ਆਧਾਰ ਕਾਰਡ ਅੰਕੜਿਆਂ ਦੀ ਸੁਰੱਖਿਆ 'ਤੇ ਸ਼ੱਕ ਹਰ ਰੋਜ਼ ਵਧਦਾ ਜਾ ਰਿਹਾ ਹੈ। ਹੁਣ ਆਧਾਰ ਕਾਰਡ ਨੰਬਰ ਦੀ ਕੁਵਰਤੋਂ ਕਰ ਕੇ ਸਬਸਿਡੀਸ਼ੁਦਾ ਅਨਾਜ ਨੂੰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਗੁਜਰਾਤ ਦੇ ਸੂਰਤ 'ਚ ਸਥਿਤ ਰਾਸ਼ਨ ਦੀਆਂ ਦੁਕਾਨਾਂ ਦੇ ਦੋ ਮਾਲਕਾਂ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਹੈਕ ਕੀਤੇ ਸਾਫ਼ਟਵੇਅਰ ਅਤੇ ਅਨਅਧਿਕਾਰਤ ਬਾਇਉਮੀਟਰਿਕ ਆਧਾਰ ਅੰਕੜਿਆਂ ਦੀ ਵਰਤੋਂ ਕਰ ਕੇ ਅਨਾਜ ਦੀ ਹੇਰਾਫੇਰੀ ਕਰਦੇ ਸਨ।ਪੁਲਿਸ ਨੇ ਕਿਹਾ ਕਿ ਬਾਬੂਭਾਈ ਬੋਰੀਵਾਲ (53) ਅਤੇ ਸੰਪਤ ਲਾਲ ਸ਼ਾਹ (61) ਨੂੰ ਕਲ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੰਜ ਦਿਨਾਂ ਲਈ ਪੁਲਿਸ ਹਿਰਾਸਤ 'ਚ ਭੇਜ ਦਿਤਾ ਗਿਆ।ਇਨ੍ਹਾਂ ਵਲੋਂ ਹੇਰਾਫੇਰੀ ਕਰਨ ਦਾ ਤਰੀਕਾ ਸਮਝਾਉਂਦਿਆਂ ਪੁਲਿਸ ਨੇ ਦਸਿਆ ਕਿ ਸੂਬਾ ਸਰਕਾਰ ਨੇ ਅਪ੍ਰੈਲ 2016 'ਚ ਨੈਸ਼ਨਲ ਫ਼ੂਡ ਸਕਿਉਰਿਟੀ ਐਕਟ-2013 ਅਧੀਨ ਅੰਨਪੂਰਨਾ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਰਾਸ਼ਨ ਦੀਆਂ ਦੁਕਾਨਾਂ ਦਾ ਕੰਮ ਕੰਪਿਊਟਰ ਆਧਾਰਤ ਕੀਤਾ ਗਿਆ ਸੀ ਤਾਕਿ ਸਸਤਾ ਅਨਾਜ ਅਸਲ ਲਾਭਪਾਤਰੀਆਂ ਤਕ ਪਹੁੰਚ ਸਕੇ। ਪੁਲਿਸ ਨੇ ਦਸਿਆ ਕਿ ਰਾਸ਼ਨ ਦੀਆਂ ਦੁਕਾਨਾਂ ਨੂੰ ਸਰਕਾਰ ਵਲੋਂ ਦਿਤਾ ਈ-ਐਫ਼ਪੀਐਸ ਨਾਮਕ ਸਾਫ਼ਟਵੇਅਰ ਚਲਾਉਣਾ ਹੁੰਦਾ ਸੀ, ਜਿਸ 'ਚ ਲਾਭਪਾਤਰੀਆਂ ਦੇ ਅੰਕੜੇ ਹੁੰਦੇ ਸਨ।

ਰਾਸ਼ਨ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਲਾਭਪਾਤਰੀਆਂ ਦੇ ਅੰਕੜੇ ਪ੍ਰਾਪਤ ਕਰਨ ਲਈ ਇਕ ਪਾਸਵਰਡ ਦਿਤਾ ਜਾਂਦਾ ਸੀ ਤਾਕਿ ਸਸਤਾ ਅਨਾਜ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਦਾ ਰੀਕਾਰਡ ਸਾਂਭਿਆ ਜਾ ਸਕੇ। ਸਾਫ਼ਟਵੇਅਰ ਰਾਹੀਂ ਲਾਭਪਾਤਰੀ ਦੀ ਉਂਗਲੀ ਦੇ ਨਿਸ਼ਾਨ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਉਸ ਨੂੰ ਰਾਸ਼ਨ ਮਿਲਦਾ ਸੀ।ਪਰ ਗ੍ਰਿਫ਼ਤਾਰ ਦੋ ਦੁਕਾਨ ਮਾਲਕਾਂ ਨੇ ਕਿਸੇ ਅਣਪਛਾਤੇ ਸਰੋਤ ਤੋਂ ਇਕ ਫ਼ਰਜ਼ੀ ਸਾਫ਼ਟਵੇਅਰ ਅਤੇ ਲਾਭਪਾਤਰੀਆਂ ਦੇ ਅੰਕੜੇ ਪ੍ਰਾਪਤ ਕਰ ਲਏ ਸਨ। ਇਨ੍ਹਾਂ ਪ੍ਰਾਪਤ ਕੀਤੇ ਅੰਕੜਿਆਂ ਨਾਲ ਹੀ ਉਹ ਹਰ ਮਹੀਨੇ ਲਾਭਪਾਤਰੀਆਂ ਦਾ ਇਲੈਕਟ੍ਰਾਨਿਕ ਰੀਕਾਰਡ ਬਣਾ ਲੈਂਦੇ ਸਨ ਤਾਕਿ ਇਹ ਵਿਖਾਇਆ ਜਾ ਸਕੇ ਕਿ ਉਨ੍ਹਾਂ ਨੇ ਰਾਸ਼ਨ ਪ੍ਰਾਪਤ ਕਰ ਲਿਆ ਹੈ ਪਰ ਅਸਲ 'ਚ ਕਿਸੇ ਨੂੰ ਰਾਸ਼ਨ ਨਹੀਂ ਮਿਲਦਾ ਸੀ। ਪੁਲਿਸ ਵਲੋਂ ਇਨ੍ਹਾਂ ਦੁਕਾਨਦਾਰਾਂ ਨੂੰ ਲਾਭਪਾਤਰੀਆਂ ਦੇ ਅੰਕੜੇ ਅਤੇ ਫ਼ਰਜ਼ੀ ਸਾਫ਼ਟਵੇਅਰ ਦੇਣ ਵਾਲੇ ਅਣਪਛਾਤੇ ਸਰੋਤ ਦੀ ਭਾਲ ਕੀਤੀ ਜਾ ਰਹੀ ਹੈ। ਕੁੱਝ ਲਾਭਪਾਤਰੀਆਂ ਵਲੋਂ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਅੱਠ ਰਾਸ਼ਨ ਦੁਕਾਨ ਮਾਲਕਾਂ ਵਿਰੁਧ ਮਾਮਲਾ ਦਰਜ ਕੀਤਾ ਸੀ।  (ਏਜੰਸੀਆਂ)