ਆਧਾਰ ਨੰਬਰ ਦੀ ਬਜਾਏ, ਸਿਰਫ਼ ਆਈਡੀ ਦੇਣੀ ਪਵੇਗੀ

ਖ਼ਬਰਾਂ, ਰਾਸ਼ਟਰੀ

ਕੋਈ ਵੀ ਏਜੰਸੀ ਵਿਅਕਤੀ ਦੀ ਆਈਡੀ ਲੈ ਕੇ ਹੀ ਕੰਮ ਚਲਾ ਸਕੇਗੀ

ਕੋਈ ਵੀ ਏਜੰਸੀ ਵਿਅਕਤੀ ਦੀ ਆਈਡੀ ਲੈ ਕੇ ਹੀ ਕੰਮ ਚਲਾ ਸਕੇਗੀ
ਨਵੀਂ ਦਿੱਲੀ, 10  ਜਨਵਰੀ : ਆਧਾਰ ਡਾਟਾ ਲੀਕ ਹੋਣ ਦੀਆਂ ਖ਼ਬਰਾਂ ਕਾਰਨ ਸਰਕਾਰ ਆਧਾਰ ਦੀ ਸੁਰੱਖਿਆ ਦਾ ਪੱਕਾ ਪ੍ਰਬੰਧ ਕਰਨ ਵਿਚ ਜੁਟ ਗਈ ਹੈ। ਨਵੀਂ ਤਜਵੀਜ਼ ਮੁਤਾਬਕ ਲੋਕਾਂ ਨੂੰ ਆਧਾਰ ਕਾਰਡ ਦੀ ਵਰਚੂਅਲ ਆਈਡੀ ਤਿਆਰ ਕਰਨ ਦਾ ਮੌਕਾ ਦਿਤਾ ਜਾਵੇਗਾ। ਜਦ ਵੀ ਅਪਣਾ ਆਧਾਰ ਵੇਰਵਾ ਕਿਤੇ ਦੇਣ ਦੀ ਲੋੜ ਪਵੇਗੀ ਤਾਂ 12 ਅੰਕਾਂ ਦਾ ਆਧਾਰ ਨੰਬਰ ਦੇਣ ਦੀ ਬਜਾਏ 16 ਨੰਬਰ ਦੀ ਵਰਚੂਅਲ ਆਈਡੀ ਦੇਣੀ ਪਵੇਗੀ। ਯੂਆਈਡੀਏਆਈ ਮੁਤਾਬਕ ਵਰਚੂਅਲ ਆਈਡੀ ਬਣਾਉਣ ਦੀ ਇਹ ਸਹੂਲਤ 1 ਜੂਨ ਤੋਂ ਲਾਜ਼ਮੀ ਹੋ ਜਾਵੇਗੀ। ਅਥਾਰਟੀ ਦਾ ਕਹਿਣਾ ਹੈ ਕਿ ਇਕ ਮਾਰਚ ਤੋਂ ਇਹ ਸਹੂਲਤ ਆ ਜਾਵੇਗੀ। ਇਸ ਦਾ ਮਤਲਬ ਹੈ ਕਿ 1 ਜੂਨ ਤੋਂ ਸਾਰੀਆਂ ਏਜੰਸੀਆਂ ਲਈ ਇਹ ਯੋਜਨਾ ਲਾਗੂ ਕਰਨੀ ਲਾਜ਼ਮੀ ਹੋਵੇਗੀ। ਫਿਰ ਕੋਈ ਵੀ ਏਜੰਸੀ ਵਰਚੂਅਲ ਆਈਡੀ ਪ੍ਰਵਾਨ ਕਰਨ ਤੋਂ ਇਨਕਾਰ ਕਰ ਸਕਦੀ ਹੈ। ਅਥਾਰਟੀ ਮੁਤਾਬਕ ਇਹ 

ਸੀਮਤ ਕੇਵਾਈਸੀ ਹੋਵੇਗੀ। ਏਜੰਸੀਆਂ ਨੂੰ ਵਿਅਕਤੀ ਦੇ ਆਧਾਰ ਵੇਰਵੇ ਤਕ ਪਹੁੰਚਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਏਜੰਸੀਆਂ ਆਈਡੀ ਨਾਲ ਹੀ ਕੰਮ ਚਲਾ ਸਕਣਗੀਆਂ। ਇਹ ਆਈਡੀ ਸਿਰਫ਼ ਕੁੱਝ ਸਮੇਂ ਲਈ ਹੋਵੇਗੀ। ਵਿਅਕਤੀ ਜਦ ਵੀ ਚਾਹੇ, ਨਵੀਂ ਆਈਡੀ ਬਣਾ ਸਕੇਗਾ। ਵਿਅਕਤੀ ਅਪਣੀ ਮਰਜ਼ੀ ਦਾ ਨੰਬਰ ਚੁਣ ਕੇ ਸਾਹਮਣੇ ਆਉਣ ਵਾਲੀ ਏਜੰਸੀ ਨੂੰ ਦੇ ਸਕਦਾ ਹੈ। ਇਸ ਨਾਲ ਨਾ ਸਿਰਫ਼ ਆਧਾਰ ਵੇਰਵਾ ਸੁਰੱਖਿਅਤ ਰਹੇਗਾ ਸਗੋਂ ਮੋਬਾਈਲ ਨੰਬਰ ਵਾਂਗ ਆਈਡੀ ਨੂੰ ਵੀ ਆਸਾਨੀ ਨਾਲ ਯਾਦ ਰਖਿਆ ਜਾ ਸਕੇਗਾ। ਚੰਗੀ ਗੱਲ ਇਹ ਹੈ ਕਿ ਏਜੰਸੀਆਂ ਵਿਅਕਤੀ ਦੇ ਆਧਾਰ ਨੰਬਰ ਤਕ ਤਾਂ ਨਹੀਂ ਪਹੁੰਚ ਸਕਣਗੀਆਂ ਤੇ ਆਈਡੀ ਲੈ ਕੇ ਹੀ ਜ਼ਰੂਰੀ ਕੰਮ ਪੂਰਾ ਕਰ ਸਕਣਗੀਆਂ। ਏਜੰਸੀਆਂ ਨੂੰ ਵੀ ਦੋ ਸ਼੍ਰੇਣੀਆਂ ਵਿਚ ਵੰਡਿਆ ਜਾਵੇਗਾ ਜਿਵੇਂ ਸਥਾਨਕ ਅਤੇ ਵਿਸ਼ਵਵਿਆਪੀ। (ਏਜੰਸੀ)