ਚੰਡੀਗੜ੍ਹ, 22 ਨਵੰਬਰ (ਸਸਸ): ਅਫ਼ਗ਼ਾਨਿਸਤਾਨ ਦੇ ਪੰਜਾਬ ਨਾਲ ਨੇੜੇ ਦੇ ਰਵਾਇਤੀ ਸਬੰਧਾਂ ਨੂੰ ਹੋਰ ਬੜ੍ਹਾਵਾ ਦੇਣ ਲਈ ਭਾਰਤ ਵਿਚ ਅਫ਼ਗ਼ਾਨਿਸਤਾਨ ਦੇ ਰਾਜਦੂਤ ਸ਼ਾਇਦਾ ਮੁਹੰਮਦ ਅਬਦਾਲੀ ਨੇ ਅੰਮ੍ਰਿਤਸਰ-ਕਾਬਲ ਹਵਾਈ ਗਲੀਆਰੇ ਦੀ ਮੁੜ ਸੁਰਜੀਤੀ ਅਤੇ 1500 ਟਨ ਦੇ ਮਾਲ ਵਪਾਰ ਲਈ ਪਾਇਲਟ ਪ੍ਰਾਜੈਕਟ ਦਾ ਪ੍ਰਸਤਾਵ ਕੀਤਾ ਹੈ।
ਰਾਜਦੂਤ ਅੱਜ ਬੁਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਅਤੇ ਅਫ਼ਗ਼ਾਨਿਸਤਾਨ ਅਤੇ ਪੰਜਾਬ ਵਿਚ ਵਪਾਰ ਨੂੰ ਬੜ੍ਹਾਵਾ ਦੇਣ ਲਈ ਵੱਡੀ ਸਮਰਥਾ ਬਾਰੇ ਵਿਚਾਰ ਵਟਾਂਦਰਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਦੋਹਾਂ ਵਿਚ ਇਤਿਹਾਸਕ ਸਬੰਧ ਹਨ। ਉਨ੍ਹਾਂ ਨੇ ਪਟਿਆਲਾ ਸਟੇਟ ਦੇ ਬਾਨੀ ਬਾਬਾ ਆਲਾ ਸਿੰਘ ਬਾਰੇ ਕਿਰਪਾਲ ਸਿੰਘ ਵਲੋਂ ਲਿਖੀ ਗਈ ਇਕ ਕਿਤਾਬ ਰਾਜਦੂਤ ਨੂੰ ਭੇਂਟ ਕੀਤੀ। ਇਸ ਕਿਤਾਬ ਵਿਚ ਪੰਜਾਬ ਦੇ ਅਫ਼ਗ਼ਾਨਿਸਤਾਨ ਨਾਲ ਸਬੰਧਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਇਸ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਵਪਾਰ ਦੀਆਂ ਸਰਗਰਮੀਆਂ ਚਲਾਉਣ ਲਈ ਭਾਰੀ ਉਤਸੁਕਤਾ ਦਿਖਾਈ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਅਫ਼ਗ਼ਾਨਿਸਤਾਨ ਵਿਚਕਾਰ ਸਦੀਆਂ ਪੁਰਾਣੇ ਸਬੰਧ ਹਨ ਅਤੇ ਸਾਨੂੰ ਇਹ ਸਬੰਧ ਹੋਰ ਮਜ਼ਬੂਤ ਬਣਾਉਣੇ ਚਾਹੀਦੇ ਹਨ ਤਾਂ ਜੋ ਇਕ ਦੂਜੇ ਦੀ ਪ੍ਰਗਤੀ ਵਿਚ ਯੋਗਦਾਨ ਪਾਇਆ ਜਾ ਸਕੇ।