ਅਗ਼ਵਾਕਾਰ ਗੈਰੀ ਨੇ ਮਹਾਰਾਸ਼ਟਰ 'ਚ ਕੀਤੀ ਖ਼ੁਦਕੁਸ਼ੀ

ਖ਼ਬਰਾਂ, ਰਾਸ਼ਟਰੀ

ਅੰਮ੍ਰਿਤਸਰ, 21 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਗੁਰੂ ਨਾਨਕ ਦੇਵ ਯੂਨੀਵਰਸਟੀ ਦੀ ਸਹਾਇਕ ਪ੍ਰੋਫ਼ੈਸਰ ਸੁਖਪ੍ਰੀਤ ਕੌਰ ਦੇ ਅਗ਼ਵਾਕਾਰ ਜੈਜਿੰਦਰ ਸਿੰਘ ਵਿਰਕ ਉਰਫ਼ ਗੈਰੀ ਨੇ ਫ਼ਾਹਾ ਲੈਕੇ ਜੀਵਨ ਲੀਲਾ ਖ਼ਤਮ ਕਰ ਲਈ ਹੈ। ਮ੍ਰਿਤਕ ਜੈਜਿੰਦਰ ਸਿੰਘ ਵਿਰਕ ਦਾ ਪੋਸਟ ਮਾਰਟਮ ਹੋ ਗਿਆ ਤੇ ਲਾਸ਼ ਲੈਣ ਲਈ ਉਸ ਦੇ ਮਾਪੇ ਘਟਨਾ ਸਥਾਨ ਪੁੱਜ ਗਏ ਹਨ। ਜੈਜਿੰਦਰ ਸਿੰਘ ਵਿਰਕ ਉਰਫ਼ ਗੈਰੀ (30) ਨੇ ਖ਼ੁਦਕੁਸ਼ੀ ਮੁੰਬਈ ਗੋਆ ਮੁੱਖ ਮਾਰਗ ਸਥਿਤ ਇਕ ਹੋਟਲ 'ਚ ਕੀਤੀ ਹੈ।  ਲਖਬੀਰ ਸਿੰਘ ਏ.ਡੀ.ਸੀ.ਪੀ ਸਿਟੀ-2 ਅੰਮ੍ਰਿਤਸਰ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਮਹਾਰਾਸ਼ਟਰ ਦੇ ਜ਼ਿਲ੍ਹੇ ਸਿੰਧੂਦੁਰਘ ਦੇ ਪਿੰਡ ਅੰਬੋਲੀ ਸਥਿਤ ਛੋਟੇ ਜਿਹੇ ਹੋਟਲ 'ਚ ਆਤਮ ਹਤਿਆ ਕਰ ਲਈ ਪਰ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਦੇ ਰਹਿਣ ਵਾਲੀ ਸਹਾਇਕ ਪ੍ਰੋਫੈਸਰ ਸੁਖਪ੍ਰੀਤ ਕੌਰ ਦਾ ਅਜੇ ਤਕ ਕੋਈ ਪਤਾ ਨਹੀਂ ਲੱਗਾ। ਪੁਲਿਸ ਸੂਤਰਾਂ ਨੇ ਸ਼ੱਕ ਜ਼ਾਹਰ ਕਰਦਿਆਂ ਕਿਹਾ ਕਿ ਗੈਰੀ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਸੁਖਪ੍ਰੀਤ ਕੌਰ ਨੂੰ ਮਾਰ ਮੁਕਾਇਆ ਹੋਵੇਗਾ। ਪੰਜਾਬ ਪੁਲਿਸ ਉਸ ਨੂੰ ਕਾਬੂ ਕਰਨ ਲਈ ਮੁੰਬਈ ਤੋਂ ਗੋਆ ਰਵਾਨਾ ਹੋਈ ਸੀ ਪਰ ਜੈਜਿੰਦਰ ਸਿੰਘ ਵਿਰਕ ਉਰਫ਼ ਗੈਰੀ ਨੇ ਪਹਿਲਾਂ ਖ਼ੁਦਕੁਸ਼ੀ ਕਰ ਲਈ। ਗ਼ੈਰੀ ਵਲੋਂ ਕੀਤੀ ਖ਼ੁਦਕੁਸ਼ੀ ਤੋਂ ਬਾਅਦ ਇਹ ਮਾਮਲਾ ਹੋਰ ਉਲਝ ਕੇ ਰਹਿ ਗਿਆ ਹੈ। ਭੇਦਭਰੀ ਹਾਲਤ 'ਚ ਗੁਰੂ ਨਾਨਕ ਦੇਵ ਯੂਨੀਵਰਸਟੀ ਤੋਂ ਪ੍ਰੋ. ਸੁਖਪ੍ਰੀਤ ਕੌਰ ਨੂੰ ਅਪਣੀ ਕਾਰ 'ਚ ਲੈ ਕੇ ਗਏ ਗੈਰੀ ਨੇ ਇਸ ਘਟਨਾ ਨੂੰ ਅੰਜਾਮ ਕਿਉਂ ਦਿਤਾ, ਇਹ ਇਕ ਰਹੱਸ ਪੁਲਿਸ ਤੇ ਗੁਰੂ ਨਾਨਕ ਦੇਵ ਯੂਨੀਵਰਸਟੀ 'ਚ ਬਣਿਆ ਹੋਇਆ ਹੈ।
ਦਸਣਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਟੀ ਦੀ ਭੇਦਭਰੀ ਹਾਲਤ 'ਚ ਅਗਵਾ ਹੋਈ ਹਿੰਦੀ ਦੀ ਸਹਾਇਕ ਪ੍ਰੋਫੈਸਰ ਸੁਖਪ੍ਰੀਤ ਕੌਰ ਸੀ। ਉਕਤ ਪ੍ਰੋਫੈਸਰ 11 ਸਤੰਬਰ ਨੂੰ ਅਗਵਾ ਹੋਈ ਹੈ ਜਿਸ ਦਾ ਕੋਈ ਅਤਾ-ਪਤਾ ਨਾ ਲੱਗਣ ਤੇ ਮਾਪਿਆਂ ਯੂਨੀਵਰਸਿਟੀ ਪ੍ਰਸਾਸ਼ਨ ਤੇ ਪੁਲਿਸ ਕੋਲ ਪਹੁੰਚ ਕਰਕੇ ਇਸ ਸਬੰਧੀ ਸੂਚਿਤ ਕੀਤਾ ਸੀ।