ਐੈਨ.ਸੀ.ਈ.ਆਰ.ਟੀ ਸਾਹਿਬਜ਼ਾਦਿਆਂ ਦਾ ਇਤਿਹਾਸ ਅਪਣੇ ਸਿਲੇਬਸ 'ਚ ਕਰੇਗੀ ਸ਼ਾਮਲ: ਸਿਰਸਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 22 ਦਸੰਬਰ (ਸੁਖਰਾਜ ਸਿੰਘ): ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਨ.ਸੀ.ਈ.ਆਰ.ਟੀ) ਅਗਲੇ ਵਰ੍ਹੇ ਤੋਂ ਅਪਣੇ ਸਿਲੇਬਸ ਵਿਚ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਇਤਿਹਾਸ ਆਪਣੇ ਸਿਲੇਬਸ ਵਿਚ ਸ਼ਾਮਲ ਕਰਨ ਲਈ ਤਿਆਰ ਹੈ। ਇਸ ਗੱਲ ਦੀ ਜਾਣਕਾਰੀ ਐਨ.ਸੀ.ਈ.ਆਰ.ਟੀ ਵਲੋਂ ਦਿੱਲੀ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਤੀ ਗਈ। ਇਥੇ ਦੱਸਣਯੋਗ ਹੈ ਕਿ ਇਹ ਮਾਮਲਾ ਸ. ਸਿਰਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਚੁੱਕਿਆ ਸੀ ਤੇ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਕੰਮ ਨੂੰ ਪੂਰਾ ਕਰਨ ਵਾਸਤੇ ਢੁਕਵੀਂਆਂ ਹਦਾਇਤਾਂ ਜਾਰੀ ਕਰਨ। ਸ. ਸਿਰਸਾ ਨੂੰ ਇਸ ਮਾਮਲੇ 'ਤੇ ਲਿਖੇ ਪੱਤਰ ਵਿਚ ਐਨ.ਸੀ.ਈ.ਆਰ.ਟੀ ਦੇ ਸਕੱਤਰ ਮੇਜਰ ਹਰਸ਼ ਕੁਮਾਰ ਨੇ ਕਿਹਾ ਕਿ ਡਾਇਰੈਕਟ ਐਨ.ਸੀ.ਈ.ਆਰ.ਟੀ ਨੇ ਸਿਰਸਾ ਵਲੋ— ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ

 ਸ਼ਹਾਦਤ ਦਾ ਇਤਿਹਾਸ ਸਿਲੇਬਸ ਵਿਚ ਸ਼ਾਮਲ ਕੀਤੇ ਜਾਣ ਦੀ ਤਜਵੀਜ਼ ਦੀ ਭਰਵੀਂ ਸ਼ਲਾਘਾ ਕੀਤੀ ਹੈ। ਇਨ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਕਿਤੇ ਨਹੀਂ ਮਿਲਦੀ ਜਿਨ੍ਹਾਂ ਨੇ ਦੇਸ਼ ਤੇ ਮਨੁੱਖਤਾ ਵਾਸਤੇ ਆਪਣੀ ਕੁਰਬਾਨੀ ਦਿੱਤੀ। ਉਨ੍ਹਾਂ ਦੱਸਿਆ ਕਿ ਸਿੱਖਿਆ ਬਾਰੇ ਨਵੀਂ ਨੀਤੀ ਤਿਆਰ ਕੀਤੀ ਜਾ ਰਹੀ ਹੈ ਜਿਸ ਤਹਿਤ ਸਕੂਲਾਂ ਵਾਸਤੇ ਰਾਸ਼ਟਰੀ ਸਿਲੇਬਸ ਤੈਅ ਕੀਤੇ ਜਾਣਾ ਹੈ। ਸ. ਸਿਰਸਾ ਦੇ ਸੁਝਾਅ ਮਾਹਿਰ ਕਮੇਟੀ/ਟੈਕਸਬੁਕ ਡਵੈਲਪਮੈਂਟ ਕਮੇਟੀ ਦੇ ਅੱਗੇ ਰੱਖੇ ਜਾਣਗੇ ਜੋ ਕਿ ਸਮਾਜ ਵਿਗਿਆਨੀ ਤੇ ਖਾਸ ਤੌਰ 'ਤੇ ਇਤਿਹਾਸ  ਬਾਰੇ ਸਿਲੇਬਸ ਤਿਆਰ ਕਰ ਰਹੀ ਹੈ। ਸ. ਸਿਰਸਾ ਵਲੋਂ ਇਸ ਮਾਮਲੇ 'ਤੇ ਮੁਹਿੰਮ ਚਲਾਈ ਜਾ ਰਹੀ ਹੈ ਕਿ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਾ ਇਤਿਹਾਸ ਸਕੂਲਾਂ ਦੇ ਸਿਲੇਬਸ ਵਿਚ ਸ਼ਾਮਲ ਕੀਤਾ ਜਾਵੇ। ਸ. ਸਿਰਸਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਅਗਲੀ ਪੀੜੀ ਨੂੰ ਦੇਸ਼ ਤੇ ਮਨੁੱਖਤਾ ਲਈ ਆਪਾ ਵਾਰਨ ਵਾਲੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਜਾਣੂ ਕਰਵਾਉਣਾ ਹੈ। ਸ. ਸਿਰਸਾ ਨੇ  ਵੱਖ-ਵੱਖ ਰਾਜਾਂ ਦੇ ਸਕੂਲ ਬੋਰਡਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਹਾਨ ਸ਼ਹਾਦਤ ਦਾ ਇਤਿਹਾਸ ਆਪਣੇ ਸਿਲੇਬਸ ਵਿਚ ਸ਼ਾਮਲ ਕਰਨ ਤਾਕਿ ਇਨ੍ਹਾਂ ਰਾਜਾਂ ਵਿਚ ਪੜ੍ਹਦੇ ਬੱਚੇ ਇਨ੍ਹਾਂ ਇਤਿਹਾਸਕ ਮਹੱਤਤਾ ਦੀਆਂ ਘਟਨਾਵਾਂ ਤੇ ਇਨ੍ਹਾਂ ਸਾਹਿਬਜ਼ਾਦਿਆਂ ਦੀ ਬਹਾਦਰੀ ਤੋਂ ਜਾਣੂ ਹੋ ਸਕਣ।