ਅਜੇ ਦੇਵਗਨ ਦੇ ਨਾਂ 'ਤੇ ਕਰੋੜ ਦੀ ਠੱਗੀ ਮਾਰ ਅਨਾਰਾ ਗੁਪਤਾ ਫਰਾਰ

ਖ਼ਬਰਾਂ, ਰਾਸ਼ਟਰੀ

ਇਲਾਹਾਬਾਦ: ਜਾਅਲੀ ਫਿਲਮ ਪ੍ਰੋਡਕਸ਼ਨ ਕੰਪਨੀ ਖੋਲ੍ਹ ਕੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਕੇਸ ਵਿੱਚ ਮਿਸ ਜੰਮੂ ਤੇ ਫਿਲਮ ਸਟਾਰ ਅਨਾਰਾ ਗੁਪਤਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਲਾਹਾਬਾਦ ਪੁਲਿਸ ਨੇ ਅਨਾਰਾ ਗੁਪਤਾ ਤੇ ਉਸ ਦੇ ਸਾਥੀਆਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰਕੇ ਸਾਰੇ ਹਵਾਈ ਅੱਡਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।

ਪੁਲਿਸ ਦੀ ਜਾਣਕਾਰੀ ਮੁਤਾਬਕ ਇਲਾਹਾਬਾਦ ਤੇ ਲਖਨਊ ਵਿੱਚ ਪਰਚੇ ਦਰਜ ਹੋਣ ਤੋਂ ਬਾਅਦ, ਅਨਾਰਾ ਗੁਪਤਾ ਤੇ ਉਸ ਦੇ ਸਾਥੀ ਨਾ ਸਿਰਫ ਫਰਾਰ ਹਨ ਬਲਕਿ ਉਨ੍ਹਾਂ ਦੇ ਮੋਬਾਈਲ ਫੋਨ ਵੀ ਬੰਦ ਹਨ। ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਅਨਾਰਾ ਤੇ ਉਸ ਦੇ ਸਾਥੀ ਭਾਰਤ ਤੋਂ ਬਾਹਰ ਵੀ ਭੱਜ ਸਕਦੇ ਹਨ। ਇਸ ਕਰਕੇ ਉਨ੍ਹਾਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਸਾਰੇ ਏਅਰਪੋਰਟਾਂ ਨੂੰ ਅਲਰਟ ਕਰ ਦਿੱਤਾ ਹੈ।

12 ਸਾਲ ਪਹਿਲਾਂ ਸੁਰਖੀਆਂ ਵਿੱਚ

12 ਸਾਲ ਪਹਿਲਾਂ ਸੈਕਸ ਸੀਡੀ ਕਰਕੇ ਸੁਰਖੀਆਂ ਵਿੱਚ ਰਹੀ ਮਿਸ ਜੰਮੂ ਅਨਾਰਾ ਗੁਪਤਾ ਜੋ ਕਈ ਛੋਟੀਆਂ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਹੈ, ਹੁਣ ਉਸ ਤੇ ਉਸ ਦੇ ਸਾਥੀਆਂ ਖਿਲਾਫ ਕਾਨੂੰਨੀ ਖਿਕੰਜਾ ਕੱਸਿਆ ਜਾ ਰਿਹਾ ਹੈ। ਦੋ ਸਾਥੀਆਂ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਵੀ ਇਲਾਹਾਬਾਦ ਪੁਲਿਸ ਅਨਾਰਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਾਕਾਮਯਾਬ ਰਹੀ ਤੇ ਹੁਣ ਸ਼ੱਕ ਜਾਹਰ ਕੀਤਾ ਹੈ ਕਿ ਉਹ ਦੇਸ਼ ਛੱਡ ਕੇ ਜਾ ਸਕਦੀ ਹੈ।

ਇਹ ਕੇਸ ਹੈ

ਪੁਲਿਸ ਅਫਸਰਾਂ ਮੁਤਾਬਕ, ਅਨਾਰਾ ਗੁਪਤਾ ਤੇ ਉਸ ਦੇ ਸਾਥੀਆਂ ਦਾ ਠੱਗੀ ਵਾਲਾ ਜਾਲ ਕਈ ਜਗ੍ਹਾ ‘ਤੇ ਫੈਲਿਆ ਹੋਇਆ ਸੀ। ਅਨਾਰਾ ਗੁਪਤਾ ਨੇ ਓਮ ਪ੍ਰਕਾਸ਼ ਨਾਲ ਮਿਲਕੇ ਪ੍ਰੋਡਕਸ਼ਨ ਕੰਪਨੀ ਬਣਾਈ ਤੇ ਇਹ ਪ੍ਰਚਾਰ ਕੀਤਾ ਕਿ ਉਹ ਯੂਪੀ ਵਿੱਚ ਅਜੇ ਦੇਵਗਨ ਦੀ ਫਿਲਮ ਦਿਲਵਾਲੇ ਦਾ ਦੂਜਾ ਭਾਗ ਬਣਾਉਣਗੇ ਤੇ ਇਸ ਦਾ ਦਾ ਖਰਚਾ 300 ਕਰੋੜ ਹੋਏਗਾ।

ਅਨਾਰਾ ਨੇ ਇਹ ਵੀ ਪ੍ਰਚਾਰ ਕੀਤਾ ਕਿ ਜੋ ਲੋਕ ਫਿਲਮ ਵਿੱਚ ਪੈਸੇ ਲਾਉਣਗੇ ਨਾ ਸਿਰਫ ਉਨ੍ਹਾਂ ਨੂੰ ਮੁਨਾਫ਼ੇ ਵਿੱਚੋਂ ਹਿੱਸਾ ਮਿਲੇਗਾ ਬਲਕਿ ਹਰ ਮਹੀਨੇ ਬੰਨ੍ਹੇ ਪੈਸੇ ਵੀ ਮਿਲਣਗੇ। ਅਜੇ ਦੇਵਗਨ ਨੇ ਨਾਮ ਤੇ ਅਨਾਰਾ ਨੇ ਕਰੋੜਾਂ ਰੁਪਿਆ ਇਕੱਠਾ ਕਰ ਲਿਆ ਸੀ। ਪੈਸੇ ਲੈਣ ਤੋਂ ਬਾਅਦ ਅਨਾਰਾ ਪੈਸੇ ਵਾਪਸ ਵੀ ਕਰਦੀ ਰਹੀ ਪਰ ਪਿੱਛੇ ਚਾਰ ਮਹੀਨਿਆਂ ਤੋਂ ਪੈਸੇ ਮੋੜਨੇ ਬੰਦ ਕਰ ਦਿੱਤੇ ਸੀ।