ਨਵੀਂ ਦਿੱਲੀ : ਵਿਦੇਸ਼ਾਂ ਵਿਚ ਜਾਣ ਨੂੰ ਲੈ ਕੇ ਭਾਰਤੀ ਕਰੋੜਪਤੀਆਂ ਦੀ ਦਿਲਚਸਪੀ ਕਾਫ਼ੀ ਵਧੀ ਹੈ। ਇਸ ਮਾਮਲੇ ਵਿੱਚ ਚੀਨ ਤੋਂ ਬਾਅਦ ਭਾਰਤ ਦੂਜੇ ਸਥਾਨ ’ਤੇ ਆਉਂਦਾ ਹੈ। ਦੇਸ਼ ਤੋਂ ਬਾਹਰ ਜਾਣ ਵਾਲੇ ਕਰੋੜਪਤੀਆਂ ਦੀ ਗਿਣਤੀ ਵਿਚ 2017 'ਚ 16 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੌਰਾਨ 7000 ਸੁਪਰ ਰਿਚ ਮੰਨੇ ਵਾਲੇ ਭਾਰਤੀਆਂ ਨੇ ਆਪਣਾ ਸਥਾਈ ਨਿਵਾਸ ਬਦਲ ਲਿਆ। ਇਹ ਗਿਣਤੀ ਸਾਲ 2016 ਵਿਚ ਭਾਰਤ ਦੀ ਨਾਗਰਿਕਤਾ ਛੱਡ ਕੇ ਦੂਜੇ ਦੇਸ਼ਾਂ ਵਿਚ ਵੱਸਣ ਵਾਲੇ ਧਨ ਕੁਬੇਰਾਂ ਦੇ ਮੁਕਾਬਲੇ 16 ਫੀਸਦੀ ਜ਼ਿਆਦਾ ਹੈ। ਇਹ ਚੀਨ ਦੇ ਬਾਅਦ ਵਿਦੇਸ਼ ਚਲੇ ਜਾਣ ਵਾਲੇ ਕਰੋੜਪਤੀਆਂ ਦੀ ਦੁਨੀਆ ਵਿਚ ਦੂਜੀ ਸਭ ਤੋਂ ਵੱਡੀ ਗਿਣਤੀ ਹੈ।
ਨਿਊ ਵਰਲਡ ਵੈਲਥ ਦੀ ਰਿਪੋਰਟ ਦੇ ਅਨੁਸਾਰ 2017 ਵਿਚ 7000 ਕਰੋੜਪਤੀਆਂ ਨੇ ਆਪਣਾ ਸਥਾਈ ਨਿਵਾਸ ਕਿਸੇ ਹੋਰ ਦੇਸ਼ ਨੂੰ ਬਣਾ ਲਿਆ। ਸਾਲ 2016 ਵਿਚ ਇਹ ਗਿਣਤੀ 6000 ਅਤੇ 2015 ਵਿਚ 4000 ਸੀ। ਸੰਸਾਰਿਕ ਪੱਧਰ 'ਤੇ 2017 ਵਿਚ 10 ਹਜ਼ਾਰ ਚੀਨੀ ਕਰੋੜਪਤੀਆਂ ਨੇ ਵੀ ਵਿਦੇਸ਼ਾਂ ਵਿਚ ਵੱਸਣ ਲਈ ਆਪਣਾ ਮੁਲਕ ਛੱਡ ਦਿੱਤਾ ਸੀ।
ਹੋਰ ਦੇਸ਼ਾਂ ਦੇ ਅਮੀਰਾਂ ਦੀ ਆਪਣੇ ਦੇਸ਼ ਤੋਂ ਦੂਜੇ ਦੇਸ਼ ਵਿਚ ਵੱਸ ਜਾਣ ਦੀ ਗਿਣਤੀ ਵਿਚ ਤੁਰਕੀ ਦੇ 6000, ਬ੍ਰਿਟੇਨ ਦੇ 4000, ਫ਼ਰਾਂਸ ਦੇ 4000 ਅਤੇ ਰੂਸ ਦੇ 3000 ਕਰੋੜਪਤੀਆਂ ਨੇ ਆਪਣਾ ਸਥਾਈ ਨਿਵਾਸ ਸਥਾਨ ਬਦਲ ਲਿਆ ਹੈ। ਸਥਾਈ ਨਿਵਾਸ ਬਦਲਣ ਦੇ ਰੁਖ਼ ਮੁਤਾਬਕ ਭਾਰਤ ਦੇ ਕਰੋੜਪਤੀ ਜ਼ਿਆਦਾਤਰ ਅਮਰੀਕਾ, ਸੰਯੁਕਤ ਅਰਬ ਅਮੀਰਾਤ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਜਾ ਰਹੇ ਹਨ, ਜਦੋਂ ਕਿ ਚੀਨ ਦੇ ਜ਼ਿਆਦਾਤਰ ਕਰੋੜਪਤੀਆਂ ਦਾ ਰੁਖ਼ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਦੇ ਵੱਲ ਹੈ।