ਅੰਨਾ ਹਜ਼ਾਰੇ ਨੇ ਫਿਰ ਲਈ ਅੰਗੜਾਈ, ਦਿੱਲੀ ਵਿਚ ਹੋਵੇਗਾ ਅੰਦੋਲਨ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 30 ਅਗੱਸਤ : ਉਘੇ ਸਮਾਜ ਸੇਵੀ ਅੰਨਾ ਹਜ਼ਾਰੇ ਲੋਕਪਾਲ ਅਤੇ ਕਿਸਾਨਾਂ ਦੇ ਮੁੱਦਿਆਂ 'ਤੇ ਦਿੱਲੀ ਵਿਚ ਫਿਰ ਅੰਦੋਲਨ ਕਰਨਗੇ। ਅੰਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਕਿ ਲੋਕਪਾਲ ਅਤੇ ਲੋਕਾਯੁਕਤ ਦੀ ਨਿਯੁਕਤੀ ਦੀ ਦਿਸ਼ਾ ਵਿਚ ਕਦਮ ਨਾ ਚੁੱਕਣ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਸਵਾਮੀਨਾਥਨ ਕਮੇਟੀ ਦੀ ਰੀਪੋਰਟ 'ਤੇ ਅਮਲ ਨਾ ਕੀਤੇ ਜਾਣ ਕਾਰਨ ਉਹ ਫਿਰ ਸੰਘਰਸ਼ ਦਾ ਰਾਹ ਫੜਨਗੇ।
ਅੰਨਾ ਹਜ਼ਾਰੇ ਨੇ ਚਿੱਠੀ ਵਿਚ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਸੁਪਨਾ ਵੇਖਦਿਆਂ ਅਗੱਸਤ 2011 ਵਿਚ ਰਾਮਲੀਲਾ ਮੈਦਾਨ ਅਤੇ ਪੂਰੇ ਦੇਸ਼ ਵਿਚ ਇਤਿਹਾਸਕ ਅੰਦੋਲਨ ਹੋਇਆ ਸੀ। ਇਸ ਅੰਦੋਲਨ ਨੂੰ ਵੇਖਦਿਆਂ ਸੰਸਦ ਨੇ ਸਦਨ ਦੀ ਭਾਵਨਾ ਮੁਤਾਬਕ ਮਤਾ ਪਾਸ ਕੀਤਾ ਸੀ ਜਿਸ ਵਿਚ ਕੇਂਦਰ ਵਿਚ ਲੋਕਪਾਲ ਅਤੇ ਰਾਜਾਂ ਵਿਚ ਲੋਕਾਯੁਕਤ ਦੀ ਨਿਯੁਕਤੀ ਤੋਂ ਇਲਾਵਾ ਸਿਟੀਜ਼ਨ ਚਾਰਟਰ ਜਿਹੇ ਅਹਿਮ ਮੁੱਦਿਆਂ 'ਤੇ ਛੇਤੀ ਤੋਂ ਛੇਤੀ ਕਾਨੂੰਨ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ।
ਇਸ ਮਤੇ 'ਤੇ ਕੇਂਦਰ ਸਰਕਾਰ ਦੇ ਲਿਖਤ ਭਰੋਸੇ ਤੋਂ ਬਾਅਦ ਉਨ੍ਹਾਂ ਨੇ 28 ਅਗੱਸਤ ਨੂੰ ਅਪਣਾ ਅੰਦੋਲਨ ਖ਼ਤਮ ਕਰ ਦਿਤਾ ਸੀ। ਹਜ਼ਾਰੇ ਨੇ ਕਿਹਾ ਕਿ ਇਸ ਘਟਨਾ ਨੂੰ ਛੇ ਸਾਲ ਬੀਤੇ ਗਏ ਹਨ ਪਰ ਅੱਜ ਵੀ ਭ੍ਰਿਸ਼ਟਾਚਾਰ ਰੋਕਣ ਵਾਲੇ ਇਕ ਵੀ ਕਾਨੂੰਨ 'ਤੇ ਅਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਲੋਕਪਾਲ ਅਤੇ ਲੋਕਾਯੁਕਤ ਕਾਨੂੰਨ ਬਣਦੇ ਸਮੇਂ ਸੰਸਦ ਦੇ ਦੋਹਾਂ ਸਦਨਾਂ  ਵਿਚ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਭਾਜਪਾ ਦੇ ਆਗੂਆਂ ਨੇ ਇਸ ਕਾਨੂੰਨ ਦਾ ਪੂਰਾ ਸਮਰਥਨ ਕੀਤਾ ਸੀ। ਦੇਸ਼ ਦੇ ਲੋਕਾਂ ਨੇ ਉਮੀਦ ਨਾਲ ਭਾਜਪਾ ਸਰਕਾਰ ਬਣਾਈ ਪਰ ਅੱਜ ਵੀ ਭ੍ਰਿਸ਼ਟਾਚਾਰ ਕਾਇਮ ਹੈ ਤੇ ਪੈਸੇ ਦਿਤੇ ਬਿਨਾਂ ਕੰਮ ਨਹੀਂ ਹੁੰਦਾ। (ਏਜੰਸੀ)