'ਨਾਰਾਜ਼' ਤੇਲਗੂ ਦੇਸਮ ਦੇ ਦੋਹਾਂ ਮੰਤਰੀਆਂ ਨੇ ਦਿਤਾ ਅਸਤੀਫ਼ਾ
ਐਨਡੀਏ ਦਾ ਹਿੱਸਾ ਬਣੀ ਰਹੇਗੀ ਟੀਡੀਪੀ, ਕਾਂਗਰਸ ਨੇ ਕਿਹਾ-ਐਨਡੀਏ ਵਿਚ ਭਾਈਵਾਲ ਪਾਰਟੀਆਂ ਦੀ ਬੇਕਦਰੀ ਹੁੰਦੀ ਹੈ
ਨਵੀਂ ਦਿੱਲੀ, 8 ਮਾਰਚ : ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿਚ ਤੇਲਗੂ ਦੇਸਮ ਪਾਰਟੀ ਦੇ ਦੋ ਮੰਤਰੀਆਂ ਅਸ਼ੋਕ ਗਜਪਤੀ ਰਾਜੂ ਅਤੇ ਵਾਈ ਐਸ ਚੌਧਰੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਅਪਣਾ ਅਸਤੀਫ਼ਾ ਸੌਂਪ ਦਿਤਾ। ਰਾਜੂ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੱਤਾਧਾਰੀ ਗਠਜੋੜ ਦਾ ਹਿੱਸਾ ਬਣੀ ਰਹੇਗੀ। ਮੰਤਰੀਆਂ ਦੇ ਅਸਤੀਫ਼ੇ ਤੋਂ ਇਕ ਦਿਨ ਪਹਿਲਾਂ ਪਾਰਟੀ ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਐਲਾਨ ਕੀਤਾ ਸੀ ਕਿ ਰਾਜ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਦਿਤੇ ਜਾਣ ਤੋਂ ਇਨਕਾਰ ਕੀਤੇ ਜਾਣ ਵਿਰੁਧ ਪਾਰਟੀ ਦੇ ਮੰਤਰੀ ਕੇਂਦਰ ਸਰਕਾਰ ਨੂੰ ਅਸਤੀਫ਼ਾ ਦੇਣਗੇ। ਚੌਧਰੀ ਨੇ ਕਿਹਾ ਕਿ ਆਂਧਰਾ ਲਈ ਵਿਸ਼ੇਸ਼ ਸ਼੍ਰੇਣੀ ਦੇ ਦਰਜੇ ਦਾ ਮਾਮਲਾ ਬਹੁਤ ਭਾਵਨਾਤਮਕ ਹੈ ਪਰ ਕੇਂਦਰ ਨੇ ਇਸ ਦਾ ਹੱਲ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਵਿਸ਼ੇਸ਼ ਪੈਕੇਜ ਵੀ ਕਾਫ਼ੀ ਨਹੀਂ ਹੈ ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਕੇਂਦਰ ਨੇ ਰਾਜ ਲਈ ਕੁੱਝ ਨਹੀਂ ਕੀਤਾ। ਇਸ ਤੋਂ ਪਹਿਲਾਂ ਦਿਨ ਵਿਚ ਨਾਇਡੂ ਨੇ ਮੋਦੀ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਸੀ। ਰਾਜੂ ਅਤੇ ਚੌਧਰੀ ਨੇ ਕਿਹਾ ਕਿ ਆਂਧਰਾ ਦੇ ਲੋਕਾਂ ਨੇ ਕਾਫ਼ੀ ਬਲੀਦਾਨ ਦਿਤਾ ਹੈ ਅਤੇ ਬਟਵਾਰੇ ਮਗਰੋਂ ਕਾਫ਼ੀ ਕੁੱਝ ਬਰਦਾਸ਼ਤ ਕੀਤਾ ਹੈ। ਉਨ੍ਹਾਂ ਕਿਹਾ, 'ਸਾਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਪਿਛਲੇ ਸਰਕਾਰ ਦੌਰਾਨ ਰਾਜ ਸਭਾ ਵਿਚ ਜੋ ਭਰੋਸਾ ਦਿਤਾ ਗਿਆ ਸੀ, ਉਸ ਨੂੰ ਪੂਰਾ ਕੀਤਾ ਜਾਵੇ। ਉਧਰ, ਕਾਂਗਰਸ ਨੇ ਕਿਹਾ ਕਿ ਐਨਡੀਏ ਵਿਚ ਦਰਾੜ ਇਸ ਗੱਲ ਦਾ ਸੰਕੇਤ ਹੈ ਕਿ ਭਾਈਵਾਲ ਪਾਰਟੀਆਂ ਦੀ ਬੇਇਜ਼ਤੀ ਕੀਤੀ ਜਾਂਦੀ ਹੈ। ਪਾਰਟੀ ਆਗੂ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਐਨਡੀਏ ਅਜਿਹਾ ਗਠਜੋੜ ਹੈ ਜਿਸ ਨੇ ਵਿਚਾਰਾਂ ਦੇ ਵਖਰੇਵਾਂ ਨੂੰ ਕਦੇ ਵੀ ਪ੍ਰਵਾਨ ਨਹੀਂ ਕੀਤਾ।