ਅਨੁਪਮਾ ਗੁਲਾਟੀ ਹਤਿਆ ਕਾਂਡ : ਪਤਨੀ ਦੀ ਲਾਸ਼ ਦੇ ਕਰ ਦਿਤੇ ਸਨ 72 ਟੁਕੜੇ, ਹਤਿਆਰੇ ਪਤੀ ਨੂੰ ਮਿਲੀ ਉਮਰ ਕੈਦ

ਖ਼ਬਰਾਂ, ਰਾਸ਼ਟਰੀ

ਦੇਹਰਾਦੂਨ, 1 ਸਤੰਬਰ : ਦੇਹਰਾਦੂਨ ਦੇ ਚਰਚਿਤ ਅਨੁਪਮਾ ਗੁਲਾਟੀ ਹਤਿਆ ਕਾਂਡ ਵਿਚ ਅਦਾਲਤ ਨੇ ਹਤਿਆਰੇ ਪਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਨਾਲ ਹੀ ਉਸ ਨੂੰ 10 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।
ਸਾਲ 2010 ਵਿਚ ਅਨੁਪਮਾ ਦੀ ਬੇਰਹਿਮੀ ਨਾਲ ਹਤਿਆ ਕਰ ਦਿਤੀ ਗਈ ਸੀ। ਹਤਿਆਰੇ ਪਤੀ ਨੇ ਲਾਸ਼ ਦੇ ਕਈ ਟੁਕੜੇ ਕਰ ਕੇ ਫ਼ਰਿੱਜ ਵਿਚ ਰੱਖ ਦਿਤੇ ਸਨ। ਲਗਭਗ 7 ਸਾਲ ਬਾਅਦ ਅਦਾਲਤ ਨੇ ਅਪਣਾ ਫ਼ੈਸਲਾ ਸੁਣਾਇਆ। ਕਲ ਉਸ ਨੂੰ ਦੋਸ਼ੀ ਕਰਾਰ ਦਿਤਾ ਗਿਆ ਸੀ। ਬਚਾਅ ਧਿਰ ਦੇ ਵਕੀਲ ਨੇ ਕਿਹਾ ਕਿ ਰਾਜੇਸ਼ ਵਿਰੁਧ ਹਤਿਆ ਦੀ ਧਾਰਾ ਨਹੀਂ ਬਣਦੀ ਕਿਉਂਕਿ ਇਸ ਕੇਸ ਵਿਚ ਕੋਈ ਵੀ ਪ੍ਰਤੱਖ ਗਵਾਹ ਨਹੀਂ ਹੈ ਜਦਕਿ ਮੁਦਈ ਧਿਰ ਨੇ ਕਿਹਾ ਕਿ ਲਾਸ਼ ਦੇ ਟੁਕੜੇ ਰਾਜੇਸ਼ ਦੇ ਫ਼ਲੈਟ ਵਿਚੋਂ ਮਿਲੇ ਸਨ। ਇਸ ਤਰ੍ਹਾਂ ਅਪਣੇ ਆਪ ਸਾਬਤ ਹੋ ਜਾਂਦਾ ਹੈ ਕਿ ਮੁਲਜ਼ਮ ਨੇ ਹਤਿਆ ਕੀਤੀ। ਇਹ ਘਟਨਾ 11 ਦਸੰਬਰ 2010 ਦੀ ਹੈ।
ਸਾਫ਼ਟਵੇਟਰ ਇੰਜਨੀਅਰ ਰਾਜੇਸ਼ ਇਥੇ ਮਕਾਨ ਵਿਚ ਅਪਣੀ ਪਤਨੀ ਅਨੁਪਮਾ ਅਤੇ ਦੋ ਬੱਚਿਆਂ ਨਾਲ ਰਹਿੰਦਾ ਸੀ। ਅਨੁਪਮਾ 17 ਅਕਤੂਬਰ 2010 ਨੂੰ ਅਚਾਨਕ ਲਾਪਤਾ ਹੋ ਗਈ ਸੀ। ਬੱਚਿਆਂ ਦੁਆਰਾ ਮਾਂ ਬਾਰੇ ਪੁੱਛੇ ਜਾਣ 'ਤੇ ਰਾਜੇਸ਼ ਉਨ੍ਹਾਂ ਨੂੰ ਦੋ ਮਹੀਨੇ ਤਕ ਟਾਲਦਾ ਰਿਹਾ। 11 ਦਸੰਬਰ ਨੂੰ ਅਨੁਪਮਾ ਦਾ ਭਰਾ ਰਾਜੇਸ਼ ਦੇ ਘਰ ਪਹੁੰਚਿਆ ਤਾਂ ਉਸ ਨੂੰ ਘਰ ਅੰਦਰ ਵੜਨ ਨਹੀਂ ਦਿਤਾ ਗਿਆ। ਫਿਰ ਪੁਲਿਸ ਨੂੰ ਸੂਚਨਾ ਦਿਤੀ ਗਈ। ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਡੀਪ ਫ਼ਰੀਜਰ ਵਿਚੋਂ ਅਨੁਪਮਾ ਦੀ ਲਾਸ਼ ਦੇ ਟੁਕੜੇ ਮਿਲੇ। ਉਸ ਨੇ ਲਾਸ਼ ਦੇ 72 ਟੁਕੜੇ ਕੀਤੇ ਹੋਏ ਸਨ ਤੇ ਇਨ੍ਹਾਂ ਨੂੰ ਹੌਲੀ ਹੌਲੀ ਮਸੂਰੀ ਦੇ ਜੰਗਲਾਂ ਵਿਚ ਟਿਕਾਣੇ ਲਾ ਰਿਹਾ ਸੀ। ਦੋਹਾਂ ਵਿਚਕਾਰ ਮਾਮੂਲੀ ਝਗੜਾ ਰਹਿੰਦਾ ਸੀ। (ਏਜੰਸੀ)