'ਆਪ' ਵਿਧਾਇਕਾਂ ਨੂੰ ਅਯੋਗ ਠਹਿਰਾਉਣ ਲਈ ਏਨੀ ਕਾਹਲੀ ਕਿਉਂ ਵਿਖਾਈ ਗਈ?: ਸ਼ਿਵ ਸੈਨਾ

ਖ਼ਬਰਾਂ, ਰਾਸ਼ਟਰੀ

ਮੁੰਬਈ, 22 ਜਨਵਰੀ : ਸ਼ਿਵ ਸੈਨਾ ਨੇ ਆਮ ਆਦਮੀ ਦੇ ਹੱਕ ਵਿਚ ਬੋਲਦਿਆਂ ਪੁਛਿਆ ਹੈ ਕਿ ਪਾਰਟੀ ਦੇ 20 ਵਿਧਾਇਕਾਂ ਨੂੰ ਅਯੋਗ ਠਹਿਰਾਉਣ ਲਈ ਏਨੀ ਕਾਹਲੀ ਕਿਉਂ ਵਿਖਾਈ ਗਈ? ਪਾਰਟੀ ਨੇ ਕਿਹਾ ਕਿ ਇਹ ਵਿਲੱਖਣ ਘਟਨਾ ਹੈ ਜਿਸ ਵਿਚ ਬਹੁਤ ਸਾਰੇ ਚੁਣੇ ਹੋਏ ਵਿਧਾਇਕਾਂ ਨੂੰ ਥੋਕ 'ਚ ਅਯੋਗ ਕਰਾਰ ਦੇ ਦਿਤਾ ਗਿਆ। ਪਾਰਟੀ ਦੇ ਰਸਾਲੇ ਦੀ ਸੰਪਾਦਕੀ ਵਿਚ ਲਿਖਿਆ ਗਿਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਤੇ ਇਹ ਭ੍ਰਿਸ਼ਟਾਚਾਰ ਤੇ ਅਨਿਆਂ ਵਿਰੁਧ ਜਨਤਕ ਮੁਹਿੰਮ ਕਾਰਨ ਹੈ। ਕਿਹਾ ਗਿਆ ਹੈ ਕਿ ਮਾਮਲੇ ਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨੋਟਿਸ ਲਿਆ ਅਤੇ ਚੋਣ ਕਮਿਸ਼ਨ ਦੀ ਸਿਫ਼ਾਰਸ਼ 'ਤੇ ਅਪਣੀ ਮੋਹਰ ਕਾਹਲੀ ਨਾਲ ਲਾ ਦਿਤੀ। ਪਾਰਟੀ ਨੇ ਕਿਹਾ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਕਾਰਜਕਾਲ ਵਿਚ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਸਨ।

 ਹਾਲੇ ਵੀ ਕਈ ਰਾਜਾਂ ਵਿਚ ਇੰਜ ਚੱਲ ਰਿਹਾ ਹੈ ਪਰ ਉਨ੍ਹਾਂ ਦੇ ਅਹੁਦੇ ਕਾਇਮ ਹਨ। ਸੇਵਾਮੁਕਤ ਜੱਜ ਮਾਰਕੰਡੇ ਕਾਟਜੂ ਨੇ ਵੀ ਟਵਿਟਰ 'ਤੇ ਲਿਖਿਆ ਕਿ ਪਹਿਲਾਂ ਕਦੇ ਵੀ ਅਜਿਹਾ ਨਹੀਂ ਹੋਇਆ। ਉਨ੍ਹਾਂ ਦਸਿਆ ਕਿ ਆਜ਼ਾਦੀ ਤੋਂ ਬਾਅਦ ਕਰੀਬ 9500 ਵਿਧਾਇਕਾਂ ਨੂੰ ਵੱਖ ਵੱਖ ਵਿਧਾਨ ਸਭਾਵਾਂ ਨੇ ਸੰਸਦੀ ਸਕੱਤਰਾਂ ਦੇ ਅਹੁਦੇ ਨਾਲ ਨਿਵਾਜਿਆ। ਇਨ੍ਹਾਂ ਮਾਮਲਿਆਂ ਵਿਚ ਚੋਣ ਕਮਿਸ਼ਨ ਨੇ 455 ਨੋਟਿਸ ਜਾਰੀ ਕੀਤੇ ਅਤੇ ਹਾਈ ਕੋਰਟ ਨੇ 100 ਤੋਂ ਵੱਧ ਨਿਯੁਕਤੀਆਂ ਰੱਦ ਕੀਤੀਆਂ। ਇਹ ਪਹਿਲੀ ਵਾਰ ਹੈ ਕਿ ਕਿਸੇ ਵਿਧਾਇਕ ਨੂੰ ਅਯੋਗ ਕਰਾਰ ਦਿਤਾ ਗਿਆ ਹੈ। ਇਹ ਬਦਲੇ ਦੀ ਕਾਰਵਾਈ ਹੈ। (ਏਜੰਸੀ)