ਅਪਣਿਆਂ ਤੋਂ ਹੀ ਭਾਜਪਾ ਹੋਈ ਸ਼ਰਮਿੰਦਾ ਕੰਟਰੋਲ ਰੇਖਾ 'ਤੇ ਹਾਲਾਤ ਬਹੁਤ ਖ਼ਰਾਬ: ਨਿਰਮਲ ਸਿੰਘ

ਖ਼ਬਰਾਂ, ਰਾਸ਼ਟਰੀ

ਜੰਮੂ, 30 ਜਨਵਰੀ : ਜੰਮੂ ਕਸ਼ਮੀਰ ਵਿਧਾਨ ਸਭਾ ਵਿਚ ਅੱਜ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਗੋਲੀਬਾਰੀ ਦਾ ਮੁੱਦਾ ਚੁਕਦਿਆਂ ਭਾਜਪਾ ਅਤੇ ਸੀਪੀਐਮ ਸਮੇਤ ਹੋਰ ਪਾਰਟੀਆਂ ਦੇ ਮੈਂਬਰਾਂ ਨੇ ਹੰਗਾਮਾ ਕੀਤਾ। ਉਪ ਮੁੱਖ ਮੰਤਰੀ ਡਾ. ਨਿਰਮਲ ਸਿੰਘ ਨੂੰ ਵੀ ਕਹਿਣਾ ਪਿਆ ਕਿ ਹਾਲਾਤ ਬਹੁਤ ਖ਼ਰਾਬ ਹਨ। ਨਿਰਮਲ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਰਾਜੌਰੀ ਵਿਚ ਕੰਟਰੋਲ ਰੇਖਾ ਤੋਂ ਆਉਣ ਵਾਲੇ ਲੋਕਾਂ ਨੂੰ ਸਹੂਲਤਾਂ ਮੁਹਈਆ ਕਰਾਉਣ ਦਾ ਨਿਰਦੇਸ਼ ਦਿਤਾ ਗਿਆ ਹੈ। ਵਿਧਾਨ ਸਭਾ ਵਿਚ ਪ੍ਰਸ਼ਨਕਾਲ ਦੌਰਾਨ ਭਾਜਪਾ ਵਿਧਾਇਕ ਰਵਿੰਦਰ ਰੈਣਾ ਨੇ ਕਿਹਾ, 'ਮੇਰੇ ਨੌਸ਼ੇਰੇ ਵਿਧਾਨ ਸਭਾ ਹਲਕੇ ਵਿਚ ਕੰਟਰੋਲ ਰੇਖਾ 'ਤੇ ਭਾਰੀ ਗੋਲਾਬਾਰੀ ਹੋ ਰਹੀ ਹੈ ਜਿਸ ਕਾਰਨ ਲੋਕ ਪ੍ਰੇਸ਼ਾਨ ਹਨ ਅਤੇ ਲੋਕਾਂ ਨੂੰ ਅਪਣੇ ਘਰਾਂ ਨੂੰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ।' ਉਨ੍ਹਾਂ ਦਸਿਆ ਕਿ ਸਰਹੱਦੀ ਇਲਾਕਿਆਂ ਵਿਚ ਸਕੂਲ ਬੰਦ ਹਨ ਅਤੇ ਘਰਾਂ ਨੂੰ ਨੁਕਸਾਨ ਪੁੱਜਾ ਹੈ।

 ਉਨ੍ਹਾਂ ਇਸ ਹੰਗਾਮੀ ਹਾਲਤ ਲਈ ਸਰਕਾਰ ਕੋਲੋਂ ਜਵਾਬ ਮੰਗਿਆ। ਰੈਣਾ ਨੇ ਨੌਸ਼ੇਰਾ ਸੈਕਟਰ ਵਿਚ ਹਾਲਾਤ ਦਾ ਵਿਸ਼ਲੇਸ਼ਣ ਕਰਨ ਲਈ ਮੰਤਰੀ ਪਧਰੀ ਟੀਮ ਭੇਜਣ ਦੀ ਮੰਗ ਕੀਤੀ। ਸੀਪੀਐਮ ਮੈਂਬਰ ਐਮਵਾਈ ਤਾਰਿਗਾਮੀ ਅਤੇ ਭਾਜਪਾ ਮੈਂਬਰਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ। ਇਸ ਗੱਲ ਦਾ ਜਵਾਬ ਦਿੰਦਿਆਂ ਉਪ ਮੁੱਖ ਮੰਤਰੀ ਨੇ ਕਿਹਾ, 'ਪਾਕਿਸਤਾਨੀ ਗੋਲੀਬਾਰੀ ਕਾਰਨ ਕੰਟਰੋਲ ਰੇਖਾ 'ਤੇ ਸਥਿਤੀ ਬਹੁਤ ਖ਼ਰਾਬ ਹੈ। ਗੋਲੀਬਾਰੀ ਕਾਰਨ ਲੋਕਾਂ ਨੇ ਹਿਜ਼ਰਤ ਕੀਤੀ ਹੈ।' ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਤਮਾਮ ਜ਼ਰੂਰੀ ਸਹੂਲਤਾਂ ਮੁਹਈਆ ਕਰਵਾਉਣ ਅਤੇ ਕੰਟਰੋਲ ਰੇਖਾ 'ਤੇ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਦਾ ਨਿਰਦੇਸ਼ ਦਿਤਾ ਗਿਆ ਹੈ। (ਏਜੰਸੀ)