ਜੋਧਪੁਰ, 30 ਅਗੱਸਤ :
ਸਥਾਨਕ ਹਸਪਤਾਲ ਦੇ ਆਪਰੇਸ਼ਨ ਥੀਏਟਰ ਵਿਚ ਦੋ ਡਾਕਟਰ ਆਪਸ ਵਿਚ ਖਹਿਬੜ ਪਏ ਜਿਸ ਕਾਰਨ
ਗਰਭਵਤੀ ਔਰਤ ਦੇ ਆਪਰੇਸ਼ਨ ਵਿਚ ਦੇਰ ਹੋ ਗਈ ਤੇ ਨਵਜਨਮੀ ਬੱਚੀ ਧੜਕਨ ਮੱਠੀ ਹੋਣ ਕਾਰਨ ਦਮ
ਤੋੜ ਗਈ।
ਮਾਮਲਾ ਉਮੇਦ ਹਸਪਤਾਲ ਦਾ ਹੈ। ਇਸ ਘਟਨਾ ਦੀ ਵੀਡੀਉ ਸੋਸ਼ਲ ਮੀਡੀਆ ਵਿਚ ਫੈਲ
ਗਈ। ਹਾਈ ਕੋਰਟ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਹਸਪਤਾਲ ਕੋਲੋਂ ਰੀਪੋਰਟ ਤਲਬ ਕਰ ਲਈ
ਹੈ। ਘਟਨਾ ਮੁਤਾਬਕ ਰਾਤਾਨਾਡਾ ਦੀ ਰਹਿਣ ਵਾਲੀ ਅਨੀਤਾ ਮੰਗਲਵਾਰ ਸਵੇਰੇ ਡਲਿਵਰੀ ਲਈ
ਹਸਪਤਾਲ ਪਹੁੰਚੀ। ਉਸ ਨੂੰ ਲੇਬਰ ਰੂਮ ਵਿਚ ਲਿਜਾਇਆ ਗਿਆ ਜਿਥੇ ਡਾ. ਇੰਦਰਾ ਭਾਟੀ ਨੇ ਉਸ
ਨੂੰ ਚੈਕ ਕੀਤਾ ਤਾਂ ਪੇਟ ਵਿਚ ਬੱਚੇ ਦੀ ਧੜਕਨ ਮੱਠੀ ਸੀ। ਅਨੀਤਾ ਨੂੰ ਤੁਰਤ ਸਿਜੇਰੀਅਨ
ਡਲਿਵਰੀ ਲਈ ਓਟੀ ਵਿਚ ਭੇਜ ਦਿਤਾ। ਉਥੇ ਹੀ ਡਾ. ਅਸ਼ੋਕ ਨੈਨੀਵਾਲ ਦੂਜੀ ਔਰਤ ਦਾ ਆਪਰੇਸ਼ਨ
ਕਰ ਰਿਹਾ ਸੀ। ਅਨੀਤਾ ਨੂੰ ਦੂਜੇ ਟੇਬਲ 'ਤੇ ਲਿਟਾ ਦਿਤਾ ਗਿਆ।
ਓਟੀ ਇੰਚਾਰਜ ਡਾ. ਐਮ
ਐਲ ਟਾਕ ਬੱਚੇ ਦੀ ਧੜਕਨ ਜਾਂਚਣ ਲਈ ਦੂਜੇ ਡਾਕਟਰ ਨੂੰ ਕਹਿ ਰਿਹਾ ਸੀ ਕਿ ਡਾ. ਅਸ਼ੋਕ ਭੜਕ
ਗਿਆ ਅਤੇ ਝਗੜਾ ਕਰਨ ਲੱਗਾ। ਡਾ. ਟਾਕ ਵੀ ਅਨੀਤਾ ਨੂੰ ਛੱਡ ਕੇ ਡਾ. ਅਸ਼ੋਕ ਸਾਹਮਣੇ ਆ
ਗਿਆ। ਦੋਹਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ। ਨਰਸਾਂ ਨੇ ਦੋਹਾਂ ਨੂੰ ਸਮਝਾਉਣ ਦੀ ਕੋਸ਼ਿਸ਼
ਕੀਤੀ ਪਰ ਉਹ ਨਾ ਹਟੇ। ਬਾਅਦ ਵਿਚ ਨਵਜਨਮੀ ਬੱਚੀ ਨੇ ਦਮ ਤੋੜ ਦਿਤਾ। ਹਸਪਤਾਲ ਦੇ
ਪ੍ਰਿੰਸੀਪਲ ਏ ਐਲ ਭੱਟ ਮੁਤਾਬਕ ਦੋਹਾਂ ਡਾਕਟਰਾਂ ਨੂੰ ਹਟਾ ਦਿਤਾ ਗਿਆ ਹੈ ਤੇ ਉਨ੍ਹਾਂ
ਵਿਰੁਧ ਕਾਰਵਾਈ ਕੀਤੀ ਜਾਵੇਗੀ। ਓਟੀ 'ਚ ਹੀ ਕਿਸੇ ਸਟਾਫ਼ ਮੈਂਬਰ ਨੇ ਘਟਨਾ ਦੀ ਵੀਡੀਉ ਬਣਾ
ਲਈ। (ਏਜੰਸੀ)