ਨਵੀਂ ਦਿੱਲੀ: ਐਪਲ ਇੰਡੀਆ ਦੇ ਸੇਲਸ ਮੁਖੀ ਸੰਜੇ ਕੌਲ ਨੇ ਕੰਪਨੀ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਤਤਕਾਲ ਪ੍ਰਭਾਵ ਨਾਲ ਕੰਪਨੀ ਦੇ ਕੰਮਾਂ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਉਨ੍ਹਾਂ ਦਾ ਅਸਤੀਫਾ ਅਜਿਹੇ ਸਮੇਂ ਆਇਆ ਹੈ, ਜਦੋਂ ਕੰਪਨੀ ਨੇ ਕਿਹਾ ਹੈ ਕਿ 2016-17 'ਚ ਭਾਰਤ 'ਚ ਕੰਪਨੀ ਦੀ ਗ੍ਰੋਥ ਪਿਛਲੇ 5 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਰਹੀ। ਮਾਹਰਾਂ ਮੁਤਾਬਕ ਭਾਰਤ 'ਚ ਕੰਪਨੀ ਦੀ ਵਿਕਾਸ ਰਫਤਾਰ ਅੱਗੇ ਵੀ ਘੱਟ ਰਹਿ ਸਕਦੀ ਹੈ।
ਜ਼ਿਕਰੇਯੋਗ ਹੈ ਕਿ ਹਾਲ ਹੀ 'ਚ ਸਰਕਾਰ ਵੱਲੋਂ ਕਸਟਮ ਡਿਊਟੀ ਵਧਾਈ ਗਈ ਹੈ, ਜਿਸ ਤੋਂ ਬਾਅਦ ਐਪਲ ਨੇ ਸਾਰੇ ਫੋਨਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਹਾਲਾਂਕਿ ਕੀਮਤਾਂ 'ਚ ਵਾਧੇ ਦਾ ਅਸਰ ਆਈਫੋਨ ਦੇ ਮਾਡਲ ਐੱਸ. ਈ. 'ਤੇ ਨਹੀਂ ਪਵੇਗਾ। ਕੰਪਨੀ ਨੇ ਆਈਫੋਨ ਐੱਸ. ਈ. ਦੀ ਕੀਮਤ ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਸੰਜੇ ਕੌਲ ਦੀ ਜਗ੍ਹਾ ਕੰਪਨੀ ਵੱਲੋਂ ਮਾਈਕਲ ਕੂਲਾਮ ਨੂੰ ਇੰਡੀਆ ਸੇਲਸ ਬਿਜ਼ਨਸ ਦਾ ਮੁਖੀ ਨਿਯੁਕਤ ਕਰ ਦਿੱਤਾ ਗਿਆ ਹੈ। ਮਾਈਕਲ ਫ੍ਰੈਂਚ ਨਾਗਰਿਕ ਹਨ ਅਤੇ ਉਹ ਦੱਖਣੀ ਏਸ਼ੀਆਈ ਆਪਰੇਸ਼ਨ 'ਚ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ 'ਤੇ ਸਨ।
ਦੱਸ ਦਈਏ ਕਿ ਸਰਕਾਰ ਨੇ ਵਿਦੇਸ਼ਾਂ ਤੋਂ ਦਰਾਮਦ ਹੋਣ ਵਾਲੇ ਫੋਨਾਂ 'ਤੇ ਕਸਟਮ ਡਿਊਟੀ 10 ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਹੈ। ਇਸ ਨਾਲ ਵਿਦੇਸ਼ੀ ਸਮਾਰਟ ਫੋਨ ਕੰਪਨੀਆਂ ਨੂੰ ਭਾਰਤ 'ਚ ਨਿਰਮਾਣ ਪਲਾਂਟ ਲਾਉਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਫੋਨ ਮਹਿੰਗੇ ਹੋਣ ਨਾਲ ਸੇਲ ਘੱਟ ਸਕਦੀ ਹੈ, ਜਿਸ ਦਾ ਅਸਰ ਕੰਪਨੀਆਂ ਦੇ ਮੁਨਾਫੇ 'ਤੇ ਪਵੇਗਾ।
ਮਾਹਰਾਂ ਦਾ ਕਹਿਣਾ ਹੈ ਕਿ ਕਸਟਮ ਡਿਊਟੀ ਵਧਣ ਦੇ ਬਾਅਦ ਜੇਕਰ ਐਪਲ ਨੂੰ ਭਾਰਤ 'ਚ ਸੈਮਸੰਗ, ਸ਼ਿਓਮੀ ਵਰਗੇ ਮੁਕਾਬਲੇਬਾਜ਼ਾਂ ਨਾਲ ਟੱਕਰ ਲੈਣੀ ਹੈ ਤਾਂ ਉਸ ਨੂੰ ਭਾਰਤ 'ਚ ਹੀ ਆਈਫੋਨ ਦੇ ਜ਼ਿਆਦਾਤਰ ਮਾਡਲ ਬਣਾਉਣ 'ਤੇ ਵਿਚਾਰ ਕਰਨਾ ਹੋਵੇਗਾ। ਅਜੇ ਐਪਲ ਦੇ 88 ਫੀਸਦੀ ਸਮਾਰਟ ਫੋਨ ਭਾਰਤ 'ਚ ਦਰਾਮਦ ਕਰਕੇ ਵੇਚੇ ਜਾਂਦੇ ਹਨ ਅਤੇ ਸਿਰਫ ਆਈਫੋਨ ਐੱਸ. ਈ. ਦਾ ਨਿਰਮਾਣ ਕੰਪਨੀ ਬੇਂਗਲੁਰੂ ਸਥਿਤ ਆਪਣੇ ਪਲਾਂਟ 'ਚ ਕਰਦੀ ਹੈ।