ਸੰਗਰੂਰ, 28 ਅਗੱਸਤ (ਗੁਰਦਰਸ਼ਨ
ਸਿੰਘ ਸਿੱਧੂ) : ਅੱਜ ਸੌਦਾ ਸਾਧ ਨੂੰ 10 ਸਾਲ ਦੀ ਸਜ਼ਾ ਹੋਣ ਨਾਲ ਲੋਕਾਂ ਦਾ ਵਿਸ਼ਵਾਸ ਇਕ
ਵਾਰ ਫਿਰ ਅਦਾਲਤਾਂ ਵਿਚ ਪਰਪੱਕ ਹੋ ਗਿਆ ਹੈ।
ਸੀ. ਬੀ. ਆਈ. ਦੇ ਮਾਨਯੋਗ ਜੱਜ ਜਗਦੀਪ
ਸਿੰਘ ਵਲੋਂ ਸੁਣਾਈ ਸਜ਼ਾ ਤੋਂ ਬਾਅਦ ਇਕ ਪੰਜਾਬ ਦੇ ਇਕ ਡੇਰੇ ਨਾਲ ਸਬੰਧਤ ਇਲਾਕਿਆਂ ਵਿਚ
ਸਨਾਟਾ ਛਾ ਗਿਆ। ਅਰਸ਼ਾਂ ਵਿਚ ਉਡਣ ਵਾਲਾ ਪਾਖੰਡੀ ਬਾਬਾ ਸਿੱਧਾ ਫਰਸ਼ 'ਤੇ ਆ ਡਿਗਿਆ।
''ਮੈਸੇਂਜਰ ਆਫ਼ ਗਾਡ'' ਅਪਣੇ ਆਪ ਨੂੰ ਪ੍ਰਮਾਤਮਾ ਮੰਨਣ ਵਾਲਾ ਕੈਦੀ ਨੰਬਰ 1997 ਹੱਥ ਜੋੜ
ਕੇ ਰਹਿਮ ਦੀ ਅਪੀਲ ਕਰਦਾ ਰਿਹਾ। ਬਿਰਧ ਆਸ਼ਰਮ, ਅਨਾਥ ਬੱਚੇ ਅਤੇ ਖ਼ੂਨਦਾਨ ਕੈਂਪ ਲਗਾਉਣ
ਦੀ ਦੁਹਾਈ ਦੇ ਕੇ ਸਜ਼ਾ ਘੱਟ ਕਰਨ ਵਾਲੀ ਅਪੀਲ ਵੀ ਕੰਮ ਨਹੀਂ ਆਈ।
ਸੀ.ਬੀ.ਆਈ. ਵੀ ਇਸ
ਗੱਲ ਲਈ ਵਧਾਈ ਦੀ ਪਾਤਰ ਹੈ ਜਿਸ ਨੇ 15 ਸਾਲ ਉਨ੍ਹਾਂ ਸਾਧਵੀਆਂ ਦੀ ਹਿਫ਼ਾਜ਼ਤ ਕੀਤੀ
ਜਿਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਡੇਰਾ ਮੁਖੀ ਨੂੰ ਸਜ਼ਾ ਸੁਣਾਈ ਗਈ ਹੈ। ਅੱਜ ਫ਼ੈਸਲਾ
ਆਉਣ ਤੋਂ ਬਾਅਦ ਡੇਰਾ ਮੁਖੀ ਅਰਸ਼ ਤੋਂ ਫਰਸ਼ 'ਤੇ ਆ ਗਿਆ ਹੈ। 25 ਅਗੱਸਤ ਨੂੰ ਸੌਧਾ ਸਾਧ
ਦੇ ਦੋਸ਼ੀ ਕਰਾਰ ਦਿਤੇ ਜਾਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਵਿਚ ਦੰਗਿਆਂ ਦੀ ਸਥਿਤੀ ਪੈਦਾ
ਹੋ ਗਈ ਸੀ। ਇਨ੍ਹਾਂ ਦੇ ਡੇਰੇ ਵਲੋਂ ਭੇਜੇ ਜਾਂਦੇ ਬਲਾਕ ਦੇ ਨੁਮਾਇੰਦੇ ਬਣਾਏ ਗਏ
ਵਿਅਕਤੀ ਕਿਸੇ ਵੀ.ਆਈ.ਪੀ. ਤੋਂ ਘੱਟ ਨਹੀਂ ਸਨ। ਉਨ੍ਹਾਂ ਦੇ ਕਹਿਣ 'ਤੇ ਡੇਰਾ ਸਮਰਥਕ
ਕੁੱਝ ਵੀ ਕਰਨ ਲਈ ਤਿਆਰ ਹੋ ਜਾਂਦੇ ਸਨ।
ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਕੇ
ਹੇਵਾਨ ਵਲੋਂ ਜਾਮ ਏ ਇੰਸਾਂ (ਰੂਹ ਅਫ਼ਜ਼ਾ) ਪਿਆ ਕੇ ਭੋਲੀ ਭਾਲੀ ਜਨਤਾ ਨੂੰ ਗੁਮਰਾਹ ਤਾਂ
ਕੀਤਾ ਹੀ ਸੀ, ਜਿਸ ਨਾਲ ਅਪਣੇ ਭਾਈਚਾਰੇ ਨਾਲ ਤਨਾਅ ਪੈਦਾ ਕੀਤਾ ਸੀ, ਉਸ ਸਮੇਂ ਕਈ ਕੀਮਤੀ
ਜਾਨਾਂ ਵੀ ਗਈਆਂ। ਦੰਗਿਆਂ ਵਾਲਾ ਮਾਹੌਲ ਪੈਦਾ ਹੋਇਆ ਸੀ। ਉਸ ਤੋਂ ਬਾਅਦ ਅਪਣੇ ਸਮਰਥਕਾਂ
ਦੀ ਗਿਣਤੀ ਕਰੋੜਾਂ ਵਿਚ ਕਰਨ ਲੱਗੇ ਸੌਦਾ ਸਾਧ ਨੇ ਲੀਡਰਾਂ ਨੂੰ ਅਪਣੇ ਪੈਰਾ ਵਿਚ ਡਿੱਗਣ
ਲਈ ਮਜਬੂਰ ਕੀਤਾ, ਉਥੇ ਇਸ ਦੇ ਭੰਗੀਦਾਸ (ਪਿੰਡ ਦੀ ਸੰਗਤ ਦੇ ਮੋਢੀ ਵਿਅਕਤੀ) ਵੀ
ਅਪਣੇ-ਅਪਣੇ ਬਲਾਕਾਂ ਦੇ ਠੇਕੇਦਾਰ ਬਣਨ ਲੱਗੇ ਸੀ। ਜਦੋਂ ਚੋਣਾਂ ਦਾ ਸਮਾਂ ਆਉਂਦਾ ਤਾਂ
ਸਾਧ ਦੇ ਸਮਰਥਕ ਆਪਣੀਆਂ ਤਮੰਨਾਂ ਪੂਰੀਆਂ ਕਰਨ ਲਈ ਲੀਡਰਾਂ ਨੂੰ ਹੱਥ ਜੋੜਨ ਲਈ ਮਜਬੂਰ ਕਰ
ਦਿੰਦੇ। ਲੀਡਰ ਨੂੰ ਡੇਰੇ ਜਾਣਾ ਹੀ ਪੈਂਦਾ। ਉਥੇ ਜਾ ਕੇ ਉਮੀਦਵਾਰ ਵੋਟਾਂ ਆਪਣੇ ਪੱਖ
ਵਿਚ ਭੁਗਤਾਉਣ ਲਈ ਗੁਪਤ ਪੈਸਾ ਤੇ ਸ਼ਰਤਾਂ ਮੰਨਣ ਲਈ ਮਜਬੂਰ ਹੋ ਜਾਂਦੇ ਸਨ ਜਿਵੇਂ ਅੱਜ ਇਕ
ਅਖਬਾਰ ਵਿਚ ਬਾਬੇ ਦੀ ਲੜਕੀ ਨੇ ਦਸਿਆ ਕਿ ਭਾਜਪਾ ਦੀ ਡੇਰੇ ਨਾਲ ਇਹੀ ਡੀਲ ਹੋਈ ਸੀ ਕਿ
ਵੋਟਾਂ ਭਾਜਪਾ ਨੂੰ ਪਾਉਣ ਤੇ ਸੌਧਾ ਸਾਧ ਵਿਰੁਧ ਸਾਰੇ ਪਰਚੇ ਖ਼ਾਰਜ ਕੀਤੇ ਜਾਣਗੇ।
ਪੰਜਾਬ
ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਸਮੇਤ ਵੱਖ-ਵੱਖ
ਪਾਰਟੀਆਂ ਦੇ ਨੁਮਾਇੰਦੇ ਇਥੋਂ ਤਕ ਸਿੱਖ ਧਰਮ ਨਾਲ ਜੁੜੇ ਨੇਤਾ ਵੀ ਸੌਧਾ ਸਾਧ ਦੀਆਂ
ਵੋਟਾਂ ਪਵਾਉਣ ਲਈ ਲੇਲੜੀਆਂ ਕਢਦੇ ਵੇਖੇ ਗਏ ਅਤੇ ਡੇਰੇ ਨਾਲ ਜੁੜੀ ਜਨਤਾ ਅੰਨ੍ਹੀ ਹੋ ਕੇ
ਬਾਬੇ ਮਗਰ ਲੱਗ ਵੋਟ ਪਾ ਦਿੰਦੀ ਸੀ।
ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ
ਕਿ ਵੋਟਾਂ ਲੈਣ ਲਈ ਡੇਰੇ ਜਾਂਦੇ ਲੀਡਰਾਂ ਨੂੰ ਜ਼ਲੀਲ ਹੋਣਾ ਪੈਂਦਾ ਸੀ ਕਿਉਂਕਿ ਉਨ੍ਹਾਂ
ਨੂੰ ਬਾਬੇ ਨੂੰ ਮਿਲਣ ਲਈ ਘੰਟਿਆਂਬੱਧੀ ਇੰਤਜ਼ਾਰ ਕਰਨਾ ਪੈਂਦਾ ਸੀ। ਅੰਨ੍ਹੀ ਸ਼ਰਧਾ ਵਾਲੀ
ਸੰਗਤ ਅੱਜ ਇਹੀ ਮੰਨ ਰਹੀ ਹੈ ਕਿ ਸੌਧਾ ਸਾਧ ਨਾਲ ਧੱਕਾ ਹੋਇਆ ਹੈ। ਚਿੱਠੀਆਂ ਦੇ ਆਧਾਰ ਤੇ
ਕੋਈ ਸਜ਼ਾ ਨਹੀਂ ਹੋ ਸਕਦੀ। ਗਵਾਹ ਅਤੇ ਸਬੂਤ ਝੂਠੇ ਹਨ। ਬਾਬਾ ਉਪਰਲੀ ਅਦਾਲਤ ਵਲੋਂ ਬਰੀ
ਹੋ ਕੇ ਆਵੇਗਾ।
ਕਮੇਟੀ ਮੈਂਬਰਾਂ ਦੀ ਹੋਵੇ ਜਾਇਦਾਦ ਦੀ ਜਾਂਚ-ਇਕ ਗੱਲ ਹੋਰ ਗੌਰ ਕਰਨ ਵਾਲੀ ਹੈ ਕਿ ਡੇਰੇ ਨਾਲ ਜੁੜੇ ਪ੍ਰਮੁੱਖ ਵਿਅਕਤੀ 25 ਮੈਂਬਰੀ ਜਾਂ ਹੋਰ ਕਮੇਟੀਆਂ ਨਾਲ
ਜੁੜੇ ਪ੍ਰਮੁੱਖ ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਪੜਤਾਲ
ਕੀਤੀ
ਜਾਵੇ, ਕਿਉਂਕਿ ਲੋਕਾਂ ਦਾ ਇਹ ਵੀ ਦੋਸ਼ ਹੈ ਕਿ ਵੋਟਾਂ ਵਕਤ ਕਮੇਟੀਆਂ ਦੇ ਮੂਹਰਲੀ ਕਤਾਰ
ਦੇ ਆਗੂ ਸਿਆਸੀ ਪਾਰਟੀਆਂ ਤੋਂ ਪੈਸੇ ਲੈ ਕੇ ਸੰਗਤ ਨਾਲ ਵਿਸ਼ਵਾਸ਼ਘਾਤ ਕਰਦੇ ਸਨ।
ਆਮ
ਪਬਲਿਕ ਦਾ ਕਿਉਂ ਹੋਇਆ ਨੁਕਸਾਨ:-ਲਗਭਗ ਇਕ ਹਫਤੇ ਤੋਂ ਚੱਲ ਰਹੀ ਖਿੱਚੋਤਾਣ ਕਾਰਨ ਪ੍ਰੇਮੀ
ਤਾਂ ਅਪਣੇ ਗੁਰੂ ਲਈ ਮਿਹਨਤ ਕਰ ਰਹੇ ਸਨ ਪਰੰਤੂ ਜਿਹੜੇ ਆਮ ਲੋਕਾਂ ਦੀਆਂ ਦੁਕਾਨਾਂ,
ਬਸਾਂ, ਫ਼ੈਕਟਰੀਆਂ ਅਤੇ ਹੋਰ ਛੋਟੇ-ਮੋਟੇ ਰੁਜ਼ਗਾਰ ਠੱਪ ਹੋਏ ਉਨ੍ਹਾਂ ਵਿਚ ਆਮ ਲੋਕਾਂ ਦਾ
ਕੀ ਕਸੂਰ ਸੀ। ਦਿਹਾੜੀਦਾਰ ਲੋਕ ਵੀ ਇਕ ਹਫ਼ਤੇ ਤੋਂ ਵਿਹਲੇ ਬੈਠ ਕੇ ਟਾਈਮ ਪਾਸ ਕਰਨ ਲਈ
ਮਜਬੂਰ ਹੋਏ।
ਸ਼ਰਧਾ ਦੇ ਨਾਮ ਹੋਈ ਲੋਕਾਂ ਦੀ ਲੁੱਟ-ਇਕ ਗੱਲ ਹੋਰ ਵੀ ਜਿਕਰ ਕਰਨ ਵਾਲੀ
ਹੈ ਕਿ ਸੰਗਤਾਂ ਦੀ ਵੱਡੇ ਪੱਧਰ ਤੇ ਸ਼ਰਧਾ ਦੇ ਨਾਮ ਤੇ ਵੀ ਲੁੱਟ ਕੀਤੀ ਗਈ। ਡੇਰੇ ਵਲੋਂ
ਆਉਂਦੀਆਂ ਗਲੀਆਂ-ਸੜੀਆਂ ਸਬਜੀਆਂ ਮਹਿੰਗੇ ਭਾਅ ਖਰੀਦਣ ਲਈ ਮਜਬੂਰ ਕੀਤਾ ਜਾਂਦਾ ਸੀ।
ਪਿੰਡਾਂ ਵਿਚ ਹੋਣ ਵਾਲੀਆਂ ਨਾਮ-ਚਰਚਾਵਾਂ ਵਿਚ ਪ੍ਰਸ਼ਾਦ ਦੇ ਤੌਰ ਤੇ ਵੰਡਣ ਵਾਲੇ ਬਿਸਕੁੱਟ
ਵੀ ਡੇਰੇ ਵਿਚ ਹੀ ਬਣਾਏ ਜਾਂਦੇ ਸਨ। ਡੇਰੇ ਵਲੋਂ ਹਰ ਤਰ੍ਹਾਂ ਦੀ ਸਮੱਗਰੀ ਤਿਆਰ ਕੀਤੀ
ਗਈ ਜਿਸ ਦੇ ਡੀਲਰ ਵੀ ਅਪਣੇ ਪ੍ਰੇਮੀ ਦੁਕਾਨਦਾਰ ਹੀ ਬਣਾਏ ਗਏ ਅਤੇ ਡੇਰੇ ਨਾਲ ਜੁੜੀ ਸੰਗਤ
ਨੂੰ ਖਰੀਦਣ ਲਈ ਮਜਬੂਰ ਕੀਤਾ ਗਿਆ। ਇਸ ਦੇ ਨਾਲ ਡੇਰੇ ਵਲੋਂ ਦਵਾਈਆਂ ਵੀ ਬਣਾਈਆਂ ਜਾਣ
ਲੱਗੀਆਂ ਜਿਹੜੀਆਂ ਕਿ ਪ੍ਰੇਮੀਆਂ ਦੀਆਂ ਪ੍ਰਚੂਨ ਦੀਆਂ ਦੁਕਾਨਾਂ 'ਤੇ ਆਮ ਹੀ ਮਿਲਦੀਆਂ
ਹਨ।