ਆਸਾਮ 'ਚ ਹਜ਼ਾਰਾਂ ਰੇਲ ਯਾਤਰੀ ਦੋ ਦਿਨਾਂ ਤੋਂ ਫਸੇ

ਖ਼ਬਰਾਂ, ਰਾਸ਼ਟਰੀ

ਗੁਹਾਟੀ, 27 ਜਨਵਰੀ: ਵੀਰਵਾਰ ਨੂੰ ਦੋ ਵਿਅਕਤੀਆਂ ਦੇ ਪੁਲਿਸ ਦੀ ਗੋਲੀ ਨਾਲ ਮਾਰੇ ਜਾਣ ਮਗਰੋਂ ਲੱਗੇ ਅਣਮਿੱਥੇ ਸਮੇਂ ਦੇ ਕਰਫ਼ਿਊ ਕਰ ਕੇ ਰੇਲ ਆਵਾਜਾਈ ਠੱਪ ਹੈ ਅਤੇ ਸਿਲਚਰ ਅਤੇ ਗੁਹਾਟੀ ਜਾਣ ਵਾਲੇ 2 ਹਜ਼ਾਰ ਯਾਤਰੀ ਦੋ ਦਿਨਾਂ ਤੋਂ ਫਸੇ ਹੋਏ ਹਨ।ਸੈਂਕੜੇ ਦਿਮਾਸਾ ਆਦਿਵਾਸੀਆਂ ਵਲੋਂ ਉਸ ਸਮੇਂ ਪ੍ਰਦਰਸ਼ਨ ਸ਼ੁਰੂ ਕਰ ਦਿਤੇ ਗਏ ਸਨ ਜਦੋਂ ਮੀਡੀਆ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦਾ ਇਕ ਖਰੜਾ ਦਸਤਾਵੇਜ਼ ਜਾਰੀ ਕਰ ਦਿਤਾ ਸੀ ਜਿਸ ਅਨੁਸਾਰ ਨਾਗਾ ਸ਼ਾਂਤੀ ਸਮਝੌਤੇ 'ਚ ਉਸ ਨੇ ਨਾਗਾ ਅਤੇ ਦੀਮੋ ਹਾਸਾਓ ਲਈ ਵੱਖਰੀਆਂ ਵਿਕਾਸ ਅਥਾਰਟੀਆਂ ਦੀ ਸਿਫ਼ਾਰਸ਼ ਕੀਤੀ ਸੀ। ਦੀਮਾ ਹਾਸਾਓ 'ਚ ਕਈ ਇਸ ਨੂੰ ਜ਼ਿਲ੍ਹੇ ਨੂੰ ਨਾਗਾਲਿਜ਼ਮ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ 

ਵਜੋਂ ਵੇਖ ਰਹੇ ਹਨ। ਹਾਲਾਂਕਿ ਆਰ.ਐਸ.ਐਸ. ਦੇ ਆਗੂ ਜਗਦੰਦਾ ਮੱਲ ਨੇ ਕਿਹਾ ਕਿ ਇਹ ਉਨ੍ਹਾਂ ਦੇ ਅਪਣੇ ਵਿਚਾਰ ਹਨ ਅਤੇ ਇਨ੍ਹਾਂ ਨੂੰ ਆਰ.ਐਸ.ਐਸ. ਦੇ ਵਿਚਾਰ ਵਜੋਂ ਪੇਸ਼ ਕੀਤਾ ਜਾਣਾ ਗ਼ਲਤ ਹੈ।ਇਨ੍ਹਾਂ ਪ੍ਰਦਰਸ਼ਨਾਂ ਕਰ ਕੇ ਦਖਣੀ ਆਸਾਮ, ਮਿਜ਼ੋਰਮ ਅਤੇ ਤ੍ਰਿਪੁਰਾ ਦਾ ਰੇਲ ਸੰਪਰਕ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਲੋਕ ਸਟੇਸ਼ਨਾਂ 'ਤੇ ਪਿਛਲੇ 24 ਘੰਟਿਆਂ ਤੋਂ ਫਸੇ ਹੋਏ ਹਨ। ਰੇਲਵੇ ਦੀਆਂ ਜਾਇਦਾਦਾਂ ਅਤੇ ਰੇਲ ਪਟੜੀਆਂ ਨੂੰ ਤੋੜ ਦਿਤਾ ਗਿਆ ਹੈ।  (ਏਜੰਸੀ)