ਅਸੀਂ ਭਾਰਤ ਵਿਰੋਧੀ ਤਾਕਤਾਂ ਨੂੰ ਸਫ਼ਲ ਨਹੀਂ ਹੋਣ ਦਿਤਾ: ਮੋਦੀ

ਖ਼ਬਰਾਂ, ਰਾਸ਼ਟਰੀ

ਮੁੰਬਈ, 14 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਤਿਵਾਦ ਨੂੰ ਭਾਰਤ ਵਿਰੁਧ ਇਕ ਪ੍ਰਤੀਨਿਧ ਯੁੱਧ ਦੇ ਰੂਪ ਵਿਚ ਵਰਤਿਆ ਜਾ ਰਿਹਾ ਹੈ ਅਤੇ ਸਾਡੀ ਸਰਕਾਰ ਦੀਆਂ ਨੀਤੀਆਂ ਅਤੇ ਫ਼ੌਜੀਆਂ ਦੀ ਬਹਾਦਰੀ ਦੇ ਨਤੀਜੇ ਵਜੋਂ ਜੰਮੂ ਕਸ਼ਮੀਰ ਵਿਚ ਅਸੀਂ ਅਜਿਹੀਆਂ ਤਾਕਤਾਂ ਨੂੰ ਸਫ਼ਲ  ਹੋਣ ਨਹੀਂ ਦਿਤਾ।  ਸਕਾਰਪੀਅਨ ਸ਼੍ਰੇਣੀ ਦੀਆਂ ਛੇ ਪਣਡੁੱਬੀਆਂ ਦੀ ਲੜੀ ਵਿਚ ਪਹਿਲੀ ਪਣਡੁੱਬੀ ਆਈਐਨਐਸ ਤਲਵਰੀ ਨੂੰ ਪਾਣੀ ਵਿਚ ਛੱਡਣ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਦੁਨੀਆਂ ਦੇ ਦੇਸ਼, ਸ਼ਾਂਤੀ ਅਤੇ ਖ਼ੁਸ਼ਹਾਲੀ ਦੇ ਮਾਰਗ ਵਿਚ ਭਾਰਤ ਨਾਲ ਚੱਲਣ ਦੇ ਇੱਛੁਕ ਹਨ ਅਤੇ ਵੱਖ ਵੱਖ ਦੇਸ਼ਾਂ ਨਾਲ ਸਹਿਯੋਗ ਇਸ ਗੱਲ ਨੂੰ ਸਪੱਸ਼ਟ ਕਰਦਾ ਹੈ। ਮੋਦੀ ਨੇ ਕਿਹਾ ਕਿ ਅਸੀਂ ਇਸ ਗੱਲ ਪ੍ਰਤੀ ਵੀ ਚੌਕਸ ਹਾਂ ਕਿ ਦੇਸ਼ ਦੀ ਸੁਰੱਖਿਆ ਲਈ ਚੁਨੌਤੀਆਂ ਦਾ ਰੂਪ ਬਦਲ ਚੁਕਾ ਹੈ। ਅਸੀਂ ਅਪਣੀਆਂ ਰਖਿਆ ਤਿਆਰੀਆਂ ਨੂੰ 

ਇਨ੍ਹਾਂ ਚੁਨੌਤੀਆਂ ਮੁਤਾਬਕ ਕਰਨ ਲਈ ਜ਼ੋਰਦਾਰ ਯਤਨ ਕਰ ਰਹੇ ਹਾਂ। ਅਸੀਂ ਕਾਫ਼ੀ ਮਜ਼ਬੂਤ ਕਦਮ ਚੁੱਕ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦੀਆਂ ਸੁਰੱਖਿਆ ਨੀਤੀਆਂ ਦਾ ਪ੍ਰਭਾਵ ਸਿਰਫ਼ ਬਾਹਰ ਹੀ ਨਹੀਂ ਸਗੋਂ ਦੇਸ਼ ਦੀ ਅੰਦਰੂਨੀ ਸੁਰੱਖਿਆ 'ਤੇ ਵੀ ਹਾਂਪੱਖੀ ਅਸਰ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਅਤਿਵਾਦ ਨੂੰ ਭਾਰਤ ਵਿਰੁਧ ਅਸਿੱਧੇ ਯੁੱਧ ਵਜੋਂ ਵਰਤਿਆ ਜਾ ਰਿਹਾ ਹੈ ਪਰ ਜੰਮੂ ਕਸ਼ਮੀਰ ਵਿਚ ਅਜਿਹੀਆਂ ਤਾਕਤਾਂ ਨੂੰ ਸਫ਼ਲ ਨਹੀਂ ਹੋਣ ਦਿਤਾ ਗਿਆ। ਜੰਮੂ ਕਸ਼ਮੀਰ ਵਿਚ ਇਸ ਸਾਲ ਹੁਣ ਤਕ 200 ਤੋਂ ਵੱਧ ਅਤਿਵਾਦੀ ਮਾਰੇ ਜਾ ਚੁਕੇ ਹਨ। ਪੱਥਰਬਾਜ਼ੀ ਦੀਆਂ ਘਟਨਾਵਾਂ ਵੀ ਘਟੀਆਂ ਹਨ। (ਏਜੰਸੀ)