ਹਰਿਆਣਾ ਦਾ ਮੁੱਖ ਮੰਤਰੀ ਨਹੀਂ ਬਦਲੇਗਾ
ਨਵੀਂ
ਦਿੱਲੀ, 30 ਅਗੱਸਤ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਭਾਜਪਾ ਪ੍ਰਧਾਨ
ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਸਤੀਫ਼ਾ ਦੇਣ ਦੀ ਸੰਭਾਵਨਾ ਨੂੰ ਰੱਦ ਕਰ ਦਿਤਾ
ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਜੋ ਕੁੱਝ ਕੀਤਾ, ਉਹ ਸਹੀ ਕੀਤਾ ਤੇ ਉਹ ਅਪਣੇ ਕੰਮ
ਤੋਂ ਸੰਤੁਸ਼ਟ ਹਨ।
ਸੌਦਾ ਸਾਧ ਨੂੰ ਦੋਸ਼ੀ ਠਹਿਰਾਏ ਜਾਣ ਮਗਰੋਂ ਪਿਛਲੇ ਹਫ਼ਤੇ ਹਰਿਆਣਾ
ਵਿਚ ਵਾਪਰੀਆਂ ਹਿੰਸਕ ਘਟਨਾਵਾਂ ਵਿਚ 38 ਜਣੇ ਮਾਰੇ ਗਏ ਸਨ। ਅਮਿਤ ਸ਼ਾਹ ਨੂੰ ਰੀਪੋਰਟ ਦੇਣ
ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੱਟਰ ਨੇ ਕਿਹਾ ਕਿ ਹਾਈ ਕਮਾਨ ਵਲੋਂ ਹਰਿਆਣਾ
ਦਾ ਮੁੱਖ ਮੰਤਰੀ ਬਦਲਣ ਦਾ ਕੋਈ ਵਿਚਾਰ ਨਹੀਂ।
ਖੱਟਰ ਨੇ ਕਿਹਾ ਕਿ ਉਨ੍ਹਾਂ ਦੀ
ਸਰਕਾਰ ਨੇ ਸੰਜਮ ਤੋਂ ਕੰਮ ਲਿਆ ਕਿਉਂਕਿ ਉਨ੍ਹਾਂ ਦਾ ਪਹਿਲਾ ਮਕਸਦ ਪੰਚਕੂਲਾ ਵਿਚ ਸੌਦਾ
ਸਾਧ ਦੀ ਪੇਸ਼ੀ ਯਕੀਨੀ ਬਣਾਉਣਾ ਸੀ। ਸਰਕਾਰ ਦੀ ਕਾਰਵਾਈ ਨੂੰ ਸਹੀ ਠਹਿਰਾਉਂਦਿਆਂ ਖੱਟਰ ਨੇ
ਕਿਹਾ ਕਿ 25 ਅਗੱਸਤ ਨੂੰ ਸੌਦਾ ਸਾਧ ਦੇ ਵਿਸ਼ੇਸ਼ ਸੀਬੀਆਈ ਅਦਾਲਤ ਵਿਚ ਪੇਸ਼ ਹੋਣ ਤੋਂ
ਪਹਿਲਾਂ ਜੇ ਕੁੱਝ ਹੋ ਜਾਂਦਾ ਤਾਂ ਉਸ ਨੂੰ ਅਦਾਲਤ ਵਿਚ ਨਾ ਆਉਣ ਲਈ ਇਕ ਕਾਰਨ ਮਿਲ ਜਾਣਾ
ਸੀ।
ਉਨ੍ਹਾਂ ਕਿਹਾ, 'ਅਸੀਂ ਸੰਜਮ ਤੋਂ ਕੰਮ ਲਿਆ ਅਤੇ ਅਪਣੇ ਟੀਚੇ ਨੂੰ ਪ੍ਰਾਪਤ
ਕੀਤਾ।' ਅਸਤੀਫ਼ੇ ਦੀ ਮੰਗ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, 'ਕੋਈ ਕੁੱਝ ਵੀ ਕਹਿ
ਸਕਦਾ ਹੈ, ਅਸੀਂ ਅਪਣੇ ਕੰਮ ਤੋਂ ਸੰਤੁਸ਼ਟ ਹਾਂ, ਅਸੀਂ ਜੋ ਕੁੱਝ ਵੀ ਕੀਤਾ, ਸਹੀ ਕੀਤਾ।
ਕੋਈ ਬਦਲਾਅ ਨਹੀਂ ਹੋਣ ਜਾ ਰਿਹਾ।' ਉਨ੍ਹਾਂ ਕਿਹਾ, 'ਪਰ ਸਮਰਥਨ ਦਾ ਮਤਲਬ ਨਹੀਂ ਕਿ ਕੋਈ
ਕਾਨੂੰਨ ਤੋੜੇ। ਕਾਨੂੰਨ ਤੋਂ ਉਪਰ ਕੋਈ ਨਹੀਂ ਹੈ।' ਖੱਟਰ ਨੇ ਕਿਹਾ ਕਿ ਜਿਵੇਂ ਦੋਸ਼ ਲਾਇਆ
ਜਾ ਰਿਹਾ ਹੈ, ਉਨ੍ਹਾਂ ਅਤੇ ਡੇਰਾ ਮੁਖੀ ਵਿਚਾਲੇ ਕੋਈ ਸਮਝੌਤਾ ਨਹੀਂ ਸੀ। ਖੱਟਰ ਨੇ
ਕਿਹਾ ਕਿ ਰਾਜ ਦੀ ਪੁਲਿਸ ਨੇ ਘੱਟੋ ਘੱਟ ਤਾਕਤ ਦੀ ਵਰਤੋਂ ਕੀਤੀ। ਹਿੰਸਾ ਵਿਚ ਸ਼ਾਮਲ
ਲੋਕਾਂ ਪ੍ਰਤੀ ਕੋਈ ਢਿੱਲ ਨਹੀਂ ਵਰਤੀ ਗਈ।
ਡੇਰਾ ਮੁਖੀ ਨੂੰ ਦੋਸ਼ੀ ਠਹਿਰਾਏ ਜਾਣ ਤੋਂ
ਬਾਅਦ ਖ਼ਾਸ ਸਹੂਲਤਾਂ ਦਿਤੇ ਜਾਣ ਦੀਆਂ ਖ਼ਬਰਾਂ ਨੂੰ ਵੀ ਉਨ੍ਹਾਂ ਨੇ ਰੱਦ ਕਰ ਦਿਤਾ। ਖੱਟਰ
ਨੇ ਕਿਹਾ ਕਿ ਗੁਰਮੀਤ ਸਿੰਘ ਨੂੰ ਆਰਜ਼ੀ ਤੌਰ 'ਤੇ ਗੈਸਟ ਰੂਮ ਵਿਚ ਰਖਿਆ ਗਿਆ ਸੀ ਕਿਉਂਕਿ
ਜੇਲ ਵਿਚ ਪ੍ਰਬੰਧ ਕੀਤਾ ਜਾ ਰਿਹਾ ਸੀ। (ਏਜੰਸੀ)