ਤਦ ਹੀ ਦੋਹਾਂ ਦੇਸ਼ਾਂ 'ਚ ਕ੍ਰਿਕਟ ਸੰਭਵ : ਭਾਰਤ
ਨਵੀਂ ਦਿੱਲੀ, 1 ਜਨਵਰੀ: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਸੰਕੇਤ ਦਿਤਾ ਕਿ ਜਦ ਤਕ ਪਾਕਿਸਤਾਨ ਸਰਹੱਦ ਪਾਰ ਤੋਂ ਅਤਿਵਾਦ ਅਤੇ ਗੋਲੀਬਾਰੀ ਬੰਦ ਨਹੀਂ ਕਰ ਦਿੰਦਾ, ਤਦ ਤਕ ਉਸ ਨਾਲ ਕਿਸੇ ਵੀ ਦੁਵੱਲੀ ਕ੍ਰਿਕਟ ਲੜੀ ਦੀ ਸੰਭਾਵਨਾ ਨਹੀਂ ਹੈ। ਸੁਸ਼ਮਾ ਨੇ ਇਹ ਗੱਲ ਵਿਦੇਸ਼ ਮੰਤਰਾਲੇ ਨਾਲ ਸਬੰਧਤ ਸੰਸਦ ਦੀ ਸਲਾਹਕਾਰ ਕਮੇਟੀ ਦੀ ਬੈਠਕ ਦੌਰਾਨ ਕਹੀ। ਬੈਠਕ ਵਿਚ ਵਿਦੇਸ਼ ਰਾਜ ਮੰਤਰੀ ਐਮ ਜੇ ਅਕਬਰ ਅਤੇ ਵਿਦੇਸ਼ ਸਕੱਤਰ ਐਸ ਜੈਸ਼ੰਕਰ ਵੀ ਮੌਜੂਦ ਸਨ। ਬੈਠਕ ਵਿਚ ਸੁਸ਼ਮਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਦੇ ਰਾਜਦੂਤਾਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਤਜਵੀਜ਼ ਰੱਖੀ ਸੀ ਕਿ ਦੋਹਾਂ ਦੇਸ਼ਾਂ ਨੂੰ 70 ਸਾਲ ਤੋਂ ਜ਼ਿਆਦਾ ਉਮਰ ਦੇ ਬੰਦੀਆਂ ਅਤੇ ਔਰਤਾਂ ਜਾਂ ਅਸਥਿਰ ਦਿਮਾਗ਼ ਵਾਲੇ ਲੋਕਾਂ ਨੂੰ ਸਬੰਧਾਂ ਦੇ ਇਨਸਾਨੀ ਪਹਿਲੂ ਮੁਤਾਬਕ ਛੱਡ ਦੇਣਾ ਚਾਹੀਦਾ ਹੈ।
ਬੈਠਕ ਵਿਚ ਮੌਜੂਦ ਇਕ ਮੈਂਬਰ ਨੇ ਇਹ ਜਾਣਕਾਰੀ ਦਿਤੀ। ਇਸ ਬੈਠਕ ਦਾ ਏਜੰਡਾ 'ਗੁਆਂਢੀਆਂ ਨਾਲ ਸਬੰਧ' ਸੀ। ਮੈਂਬਰ ਨੇ ਦਸਿਆ ਕਿ ਭਾਰਤ ਪਾਕਿਸਤਾਨ ਕ੍ਰਿਕਟ ਲੜੀ ਨਿਰਪੱਖ ਥਾਂ 'ਤੇ ਕਰਾਏ ਜਾਣ ਨਾਲ ਸਬੰਧਤ ਸਵਾਲ ਦੇ ਜਵਾਬ ਵਿਚ ਸੁਸ਼ਮਾ ਨੇ ਸੰਕੇਤ ਦਿਤਾ ਕਿ ਜਦ ਤਕ ਪਾਕਿਸਤਾਨ ਸਰਹੱਦ ਪਾਰੋਂ ਗੋਲੀਬਾਰੀ ਬੰਦ ਨਹੀਂ ਕਰ ਦਿੰਦਾ, ਤਦ ਤਕ ਅਜਿਹਾ ਸੰਭਵ ਨਹੀਂ। ਉਨ੍ਹਾਂ ਸੁਸ਼ਮਾ ਦੇ ਹਵਾਲੇ ਨਾਲ ਦਸਿਆ ਕਿ ਅਤਿਵਾਦ ਅਤੇ ਕ੍ਰਿਕਟ ਨਾਲੋ-ਨਾਲ ਨਹੀਂ ਚੱਲ ਸਕਦੇ। ਬੈਠਕ ਵਿਚ ਮੈਂਬਰਾਂ ਨੇ ਮੰਤਰਾਲੇ ਕੋਲੋਂ ਹਾਲ ਹੀ ਵਿਚ ਖ਼ਤਮ ਹੋਈ ਮਾਲਦੀਵ-ਚੀਨ ਮੁਕਤ ਵਪਾਰ ਸੰਧੀ ਅਤੇ ਦੋਹਾਂ ਦੇਸ਼ਾਂ ਵਿਚਕਾਰ ਵਧਦੀ ਨਜ਼ਦੀਕੀ ਕਾਰਨ ਅਤੇ ਇਸ ਕਾਰਨ ਭਾਰਤ 'ਤੇ ਪੈਣ ਵਾਲੇ ਅਸਰ ਬਾਰੇ ਸਵਾਲ ਪੁੱਛੇ ਸਨ। ਮੰਤਰਾਲੇ ਨੇ ਅਪਣੇ ਜਵਾਬ ਵਿਚ ਕਿਹਾ ਕਿ ਭਾਰਤ ਅਤੇ ਮਾਲਦੀਪ ਵਿਚਕਾਰ ਸਬੰਧ ਕਰੀਬੀ ਅਤੇ ਖ਼ੁਸ਼ਨੁਮਾ ਹਨ। (ਏਜੰਸੀ)