ਅਤਿਵਾਦ ਲਈ ਪੈਸਾ : ਕੌਮੀ ਜਾਂਚ ਏਜੰਸੀ ਵਲੋਂ ਦਖਣੀ ਕਸ਼ਮੀਰ 'ਚ ਛਾਪੇ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 7 ਸਤੰਬਰ : ਰਾਸ਼ਟਰੀ ਜਾਂਚ ਏਜੰਸੀ ਨੇ ਕਸ਼ਮੀਰ ਘਾਟੀ ਵਿਚ ਅਤਿਵਾਦੀ ਸਰਗਰਮੀਆਂ ਲਈ ਵਿੱਤੀ ਮਦਦ ਦੀ ਅਪਣੀ ਜਾਂਚ ਦੇ ਮਾਮਲੇ ਵਿਚ ਅੱਜ ਜੰਮੂ ਕਸ਼ਮੀਰ ਅਤੇ ਰਾਸ਼ਟਰੀ ਰਾਜਧਾਨੀ ਵਿਚ 10 ਥਾਵਾਂ 'ਤੇ ਛਾਪੇ ਮਾਰੇ ਅਤੇ ਵੱਖਵਾਦੀ ਸ਼ਬੀਰ ਸ਼ਾਹ ਦੇ ਇਕ ਕਰੀਬੀ ਕੋਲੋਂ ਤਿੰਨ ਹਥਿਆਰ ਜ਼ਬਤ ਕੀਤੇ।
ਘਾਟੀ, ਜੰਮੂ, ਦਿੱਲੀ ਅਤੇ ਗੁੜਗਾਉਂ ਦੇ ਵੱਖ ਵੱਖ ਹਿਸਿਆਂ ਵਿਚ ਛਾਪੇ ਜਾਰੀ ਰਖਦਿਆਂ ਐਨਆਈਏ ਨੇ 10 ਥਾਵਾਂ 'ਤੇ ਛਾਪੇ ਮਾਰੇ ਜਿਨ੍ਹਾਂ ਵਿਚ ਹੁਰੀਅਤ ਕਾਨਫ਼ਰੰਸ ਦੇ ਪਾਕਿਸਤਾਨੀ ਸਮਰਥਕ ਧੜੇ ਦੇ ਨੇਤਾ ਜੀਐਨ ਸੁਮਜੀ ਦਾ ਜੱਦੀ ਘਰ ਵੀ ਸ਼ਾਮਲ ਹੈ। ਇਹ ਪਹਿਲੀ ਵਾਰ ਹੈ ਕਿ ਜਾਂਚ ਏਜੰਸੀ ਨੇ ਦਖਣੀ ਕਸ਼ਮੀਰ ਵਿਚ ਧਾਵਾ ਬੋਲਿਆ ਹੈ ਜਿਸ ਨੂੰ ਅਤਿਵਾਦੀ ਗਤੀਵਿਧੀਆਂ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਜਿਹੜੀਆਂ ਥਾਵਾਂ 'ਤੇ ਛਾਪਾ ਮਾਰਿਆ ਗਿਆ, ਉਨ੍ਹਾਂ ਵਿਚ ਇਕ ਥਾਂ  ਵੱਖਵਾਦੀ ਸ਼ਬੀਰ ਸ਼ਾਹ ਦੇ ਕਰੀਬੀ ਅਬਦੁਲ ਰਜ਼ਾਕ ਦੀ ਹੈ। ਅਧਿਕਾਰੀਆਂ ਨੇ ਉਥੋਂ ਤਿੰਨ ਹਥਿਆਰ-ਇਕ ਪਿਸਤੌਲ, ਇਕ ਡਬਲ ਬੈਰਲ ਗਨ ਅਤੇ ਪੁਆਇੰਟ 315 ਬੋਰ ਦੀ ਰਾਈਫ਼ਲ ਜ਼ਬਤ ਕੀਤੀ। ਰਜ਼ਾਕ ਨੇ ਦਾਅਵਾ ਕੀਤਾ ਕਿ ਹਥਿਆਰ ਲਾਇਸੰਸੀ ਹੈ ਪਰ ਹੁਣ ਤਕ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਜਿਹੜੀਆਂ ਥਾਵਾਂ 'ਤੇ ਛਾਪਾ ਮਾਰਿਆ ਗਿਆ, ਉਨ੍ਹਾਂ ਵਿਚ ਕਾਰੋਬਾਰੀ ਜਹੂਰ ਬਤਾਲੀ ਦੇ ਦਿੱਲੀ ਅਤੇ ਗੁੜਗਾਉਂ ਵਿਚ ਚਾਰਟਰਡ ਅਕਾਊਂਟੈਂਟ ਵੀ ਸ਼ਾਮਲ ਹੈ।