ਚੰਡੀਗੜ੍ਹ, 28 ਫ਼ਰਵਰੀ (ਬਠਲਾਣਾ, ਸਰਬਜੀਤ ਢਿੱਲੋਂ): ਭਾਰਤ ਦੇ ਰਾਸ਼ਟਰਪਤੀ ਮਾਨਯੋਗ ਸ੍ਰੀ ਰਾਮ ਨਾਥ ਕੋਵਿੰਦ ਨੇ ਅੱਜ ਅਪਣੀ ਚੰਡੀਗੜ੍ਹ ਦੀ ਪਹਿਲੀ ਫੇਰੀ ਦੌਰਾਨ ਸਥਾਨਕ ਐਮ ਸੀ ਐਮ ਡੀ ਏ ਵੀ ਕਾਲਜ ਸੈਕਟਰ 36 ਦੇ ਗੋਲਡਨ ਜੁਬਲੀ ਸਮਾਰੋਹਾਂ ਦੀ ਲੜੀ ਵਿਚ ਹਿੱਸਾ ਲੈਂਦਿਆਂ ਨਵੇਂ ਬਣਨ ਵਾਲੇ ਬਲਾਕ ਦਾ ਨੀਂਹ ਪੱਥਰ ਰਖਿਆ। ਇਸ ਮੌਕੇ ਉੁਨ੍ਹਾਂ ਨਾਲ ਪੰਜਾਬ ਦੇ ਰਾਜਪਾਲ ਸ੍ਰੀ ਵੀ ਪੀ ਸਿੰਘ ਬਦਨੌਰ, ਹਰਿਆਣਾ ਦੇ ਰਾਜਪਾਲ ਸ੍ਰੀ ਕਪਤਾਨ ਸਿੰਘ ਸੋਲੰਕੀ ਅਤੇ ਹਿਮਾਚਲ ਦੇ ਰਾਜਪਾਲ ਅਚਾਰੀਆ ਦੇਵਰਤ ਵੀ ਸ਼ਾਮਲ ਹੋਏ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਕਿਰਨ ਖੇਰ, ਗੈਸਟ ਆਫ਼ ਆਨਰ ਸਨ ਜਦਕਿ ਕਾਲਜ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਡਾ. ਪੂਨਮ ਸੂਰੀ ਨੇ ਪ੍ਰਧਾਨਗੀ ਕੀਤੀ। ਰਾਸ਼ਟਰਪਤੀ ਨੇ 50 ਸਾਲ ਮੁਕੰਮਲ ਹੋਣ 'ਤੇ ਕਾਲਜ ਨੂੰ ਵਧਾਈ ਦਿਤੀ ਅਤੇ ਕਾਲਜ ਵਲੋਂ ਭਵਿੱਖ ਦੀਆਂ ਮਹਿਲਾ ਲੀਡਰਾਂ ਨੂੰ ਸਸ਼ਕਤੀਕਰਨ ਲਹੀ ਵਿਸ਼ੇਸ਼ ਜ਼ਿਕਰ ਕੀਤਾ। ਉੁਨ੍ਹਾਂ ਨੇ ਸਵਾਮੀ ਦਿਆਨੰਦ ਸਰਸਵਤੀ ਅਤੇ ਜਸਟਿਸ ਮੇਹਰ ਚੰਦ ਮਹਾਜਨ ਦੇ ਪਾਏ ਯੋਗਦਾਨ ਨੂੰ ਸਲਾਹਿਆ।
ਡੀਏਵੀ ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਡਾ. ਪੂਨਮ ਸੂਰੀ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਸਕਾਰਤਮਕ ਸੋਚ ਦੇ ਧਾਰਨੀ ਹੋਣ ਦੀ ਪ੍ਰੇਰਨਾ ਦਿਤੀ।ਰਾਸ਼ਟਰਪਤੀ ਨੇ ਕਾਲਜ ਦੀ ਵਿਦਿਆਰਥਣਾਂ ਤਾਨੀਆ ਭਾਟੀਆ ਨੂੰ ਸਨਮਾਨਤ ਕੀਤਾ ਜੋ ਭਾਰਤੀ ਮਹਿਲਾ ਕ੍ਰਿਕਟ ਟੀਮ ਵਲੋਂ ਹੁਣੇ ਦਖਣੀ ਅਫ਼ਰੀਕਾ ਵਿਚ ਖੇਡ ਕੇ ਆਈ ਹੈ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਸਮਾਜ ਦਾ ਸਹੀ ਅਰਥਾਂ ਵਿਚ ਵਿਕਾਸ ਤਾਂ ਹੀ ਸੰਭਵ ਹੈ ਜੇਕਰ ਮਹਿਲਾਵਾਂ ਸਮਰੱਥ ਹੋਣ।