ਔਰਤਾਂ ਦੀਆਂ ਮੁਸ਼ਕਲਾਂ ਜਾਣਨ ਲਈ ਕੇਰਲਾ ਦੇ ਮੁੱਖ ਮੰਤਰੀ ਸਾੜ੍ਹੀ ਪਾ ਕੇ ਸੜਕਾਂ 'ਤੇ ਘੁੰਮਣ

ਖ਼ਬਰਾਂ, ਰਾਸ਼ਟਰੀ

ਤ੍ਰਿਵੰਤਪੁਰਮ, 28 ਸਤੰਬਰ : ਕੇਰਲਾ ਦੀ ਖੱਬਪੱਖੀ ਨੇਤਾ ਕੇ. ਆਰ. ਗੌਰੀ ਅੰਮਾ ਨੇ ਔਰਤਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਅੱਜ ਮੁੱਖ ਮੰਤਰੀ ਪਿਨਰਾਈ ਵਿਜਯਨ ਨੂੰ ਸਾੜ੍ਹੀ ਪਾਉਣ ਦੀ ਸਲਾਹ ਦੇ ਦਿਤੀ। ਕੇਰਲਾ ਵਿਚ ਖੱਬੀ ਧਿਰ ਦੀ ਸਰਕਾਰ ਹੈ।
98 ਸਾਲਾ ਕਮਿਊਨਿਸਟ ਨੇਤਾ ਨੇ ਮੁੱਖ ਮੰਤਰੀ ਨੂੰ ਸਲਾਹ ਦਿਤੀ ਕਿ ਔਰਤਾਂ ਦੀ ਦੁਰਦਸ਼ਾ ਨੂੰ ਜੇ ਉਹ ਸਮਝਣਾ ਚਾਹੁੰਦੇ ਹਨ ਤਾਂ ਉਹ ਸਾੜੀ ਪਾ ਕੇ ਆਲੇ ਦੁਆਲੇ ਘੁੰਮ ਕੇ ਵੇਖਣ। ਗੌਰੀ ਅੰਮਾ ਰਾਜ ਵਿਧਾਨ ਸਭਾ ਦੇ ਸਮਾਗਮ ਨੂੰ ਸੰਬੰਧੋਨ ਕਰ ਰਹੀ ਸੀ। ਮੁੱਖ ਮੰਤਰੀ ਅਤੇ ਵਿਧਾਨ ਸਭਾ ਦੇ ਸਾਬਕਾ ਮੈਂਬਰ ਪ੍ਰੋਗਰਾਮ ਵਿਚ ਹਾਜ਼ਰ ਸਨ।
ਅੰਮਾ ਨੇ ਕਿਹਾ,'' ਮੈਂ ਵਿਧਾਇਕੀ ਦੌਰਾਨ ਰਾਤ 10 ਵਜੇ ਵੀ ਘਰ ਵਾਪਸ ਗਈ ਹਾਂ। ਪਰ ਅੱਜ ਹਾਲਾਤ ਬਦਲ ਗਏ ਹਨ। ਔਰਤਾਂ ਦੀਆਂ ਜਿਹੜੀਆਂ ਮੁਸ਼ਕਲਾਂ ਹਨ, ਉਨ੍ਹਾਂ ਬਾਰੇ ਉਦੋਂ ਹੀ ਪਤਾ ਲੱਗੇਗਾ ਜਦ ਮੁੱਖ ਮੰਤਰੀ ਆਪ ਸੜਕਾਂ ਤੇ ਜਾਣਗੇ।'' ਦਸਣਯੋਗ ਹੈ ਕਿ ਗੌਰੀ ਅੰਮਾ 1957 ਵਿਚ ਈਐਮਐਸ ਨੰਬੂਦਰੀਪਾਦ ਦੀ ਅਗਵਾਈ ਵਾਲੀ ਕੇਰਲਾ ਸਰਕਾਰ ਦੀ ਪਹਿਲੀ ਕਮਿਊਨਿਸਟ ਸਰਕਾਰ ਦੀ ਮੈਂਬਰ ਸੀ। ਉਹ ਕਮਿਊਨਿਸਟ ਸਰਕਾਰਾਂ ਵਿਚ 1967, 1980 ਅਤੇ 1987 ਦੌਰਾਨ ਮੰਤਰੀ ਵੀ ਰਹਿ ਚੁਕੀ ਹੈ। (ਏਜੰਸੀ)