ਆਜ਼ਾਦੀ ਦੇ 70 ਸਾਲ ਮਗਰੋਂ ਵੀ ਸਰਹੱਦੀ ਲੋਕਾਂ ਨੂੰ ਨਹੀਂ ਮਿਲੀ 'ਟੈਲੀਫ਼ੋਨ' ਸਹੂਲਤ

ਖ਼ਬਰਾਂ, ਰਾਸ਼ਟਰੀ

ਫ਼ਿਰੋਜ਼ਪੁਰ, 18 ਜਨਵੀਰ (ਬਲਬੀਰ ਸਿੰਘ ਜੋਸਨ): ਵੋਟਾਂ ਸਮੇਂ ਸਰਹੱਦੀ ਲੋਕਾਂ ਨਾਲ ਵਾਅਦੇ ਅਤੇ ਟੈਲੀਫ਼ੋਨ ਸਹੂਲਤਾਂ ਦੇਣ ਦੇ ਵਾਅਦੇ ਕਰ ਕੇ ਨੇਤਾ ਸਾਡੇ ਤੋਂ ਵੋਟਾਂ ਬਟੋਰ ਕੇ ਲੈ ਜਾਂਦੇ ਨੇ ਪਰ ਸਾਡੇ ਕਰਮਾਂ ਵਿਚ ਅੱਜ ਤਕ ਟੈਲੀਫ਼ੋਨ ਨਸੀਬ ਨਹੀਂ ਹੋਇਆ। ਇਹ ਕਹਾਣੀ ਹਿੰਦ²-ਪਾਕਿ ਸਰਹੱਦ ਫ਼ਿਰੋਜ਼ਪੁਰ 'ਤੇ ਵਸੇ ਉਨ੍ਹਾਂ ਦਰਜਨਾਂ ਪਿੰਡਾਂ ਦੀ ਹੈ ਜੋ ਭਾਰਤ ਦੇ ਆਜ਼ਾਦ ਹੋਣ ਦੇ 70 ਵਰ੍ਹਿਆਂ ਬਾਅਦ ਵੀ 'ਹੈਲੋ-ਹੈਲੋ' ਸੁਣਨ ਨੂੰ ਤਰਸੇ ਪਏ ਹਨ। ਇਹ ਦਾਸਤਾਨ ਕੌਮੀ ਸਰਹੱਦ ਹਿੰਦ-ਪਾਕਿ ਹੁਸੈਨੀਵਾਲਾ ਫ਼ਿਰੋਜ਼ਪੁਰ ਅਤੇ ਸਤਲੁਜ ਦਰਿਆ ਵਿਚਕਾਰ ਪੈਂਦੇ ਟਾਪੂ ਨੁਮਾ ਵੇਅਰ ਸਟੇਟ (ਗੱਟੀਆਂ) ਹਜ਼ਾਰਾਂ ਦੀ ਆਬਾਦੀ ਵਾਲੇ ਖੇਤਰ ਜਿਥੇ ਆਜ਼ਾਦੀ ਦੇ 70 ਵਰ੍ਹਿਆਂ ਪਿੱਛੋਂ ਵੀ ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਉਥੇ ਸਕੂਲ 'ਚ ਪੜ੍ਹਦੇ ਬੱਚੇ ਵੀ ਪੰਜਾਬ  ਅਤੇ ਕੇਂਦਰ ਸਰਕਾਰ ਵਲੋਂ ਨੈਟਵਰਕ ਕੰਪਿਊਟਰ ਸਿਖਿਆ ਪ੍ਰਣਾਲੀ ਦਾ ਪੂਰਾ ਲਾਭ ਪ੍ਰਾਪਤ ਨਹੀਂ ਕਰ ਸਕਦੇ, ਕਿਉਂਕਿ ਮੋਬਾਈਲ ਕੰਪਨੀਆਂ ਦਾ ਨੈੱਟਵਰਕ ਪੂਰਾ ਆ ਨਹੀਂ ਰਿਹਾ ਤੇ ਟੈਲੀਫ਼ੋਨ ਆਦਿ ਨਹੀਂ ਲੱਗੇ। ਕੰਪਿਊਟਰ ਸਿਖਿਆ ਪ੍ਰਣਾਲੀ ਲਈ ਟੈਲੀਫ਼ੋਨ ਸੇਵਾਵਾਂ ਵੀ ਪੂਰੀਆਂ ਨਾ ਮਿਲਣ ਕਰ ਕੇ ਸਰਹੱਦੀ  ਬੱਚੇ ਅਤੇ ਲੋਕ ਸਮੇਂ ਦੇ ਹਾਣੀ ਨਹੀਂ ਬਣ ਸਕੇ।ਦਸਣਯੋਗ ਹੈ ਕਿ ਕਰੀਬ 2 ਦਰਜਨ ਪਿੰਡਾਂ ਅਤੇ 12 ਪੰਚਾਇਤਾਂ ਵਾਲੇ ਉਕਤ ਟਾਪੂ ਨੁਮਾ ਖੇਤਰ ਵਿਚ ਵੱਸਦੇ ਹਜ਼ਾਰਾਂ ਭਾਰਤੀਆਂ ਨੂੰ ਭਾਵੇਂ ਸੁਰੱਖਿਆ ਦੇ ਮੱਦੇਨਜ਼ਰ ਭਾਰਤੀ ਮੋਬਾਈਲ ਕੰਪਨੀਆਂ ਨੈੱਟਵਰਕ ਨਹੀਂ ਦੇ ਰਹੀਆਂ ਪਰ ਪਾਕਿਸਤਾਨ ਮੋਬਾਈਲ ਕੰਪਨੀਆਂ ਦਾ ਨੈੱਟਵਰਕ ਵੱਡੇ ਪੱਧਰ 'ਤੇ ਰਹਿੰਦਾ ਹੈ। ਜ਼ਿਕਰਯੋਗ ਹੈ ਆਜ਼ਾਦੀ ਦੇ 70 ਵਰ੍ਹੇ ਬੀਤ ਜਾਣ 'ਤੇ ਵੀ ਟੈਲੀਫ਼ੋਨ ਲੈਂਡਲਾਈਨ ਸੇਵਾਵਾਂ ਦਾ ਲਾਭ ਵੀ ਇਥੇ ਨਹੀਂ ਮਿਲ ਸਕਿਆ।