ਰਾਏਬਰੇਲੀ/ਲਖਨਊ, 2 ਨਵੰਬਰ: ਰਾਏਬਰੇਲੀ ਜ਼ਿਲ੍ਹੇ 'ਚ ਊਂਚਾਹਾਰ ਸਥਿਤ ਰਾਸ਼ਟਰੀ ਤਾਪ ਬਿਜਲੀ ਨਿਗਮ (ਐਨ.ਟੀ.ਪੀ.ਸੀ.) ਦੇ ਪਲਾਂਟ 'ਚ ਬਾਇਲਰ ਫਟ ਜਾਣ ਕਰ ਕੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 29 ਹੋ ਗਈ ਹੈ। ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੇ ਮਾਮਲੇ ਦੀ ਕਾਨੂੰਨੀ ਜਾਂਚ ਦੀ ਮੰਗ ਕੀਤੀ ਹੈ।ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਹਾਦਸੇ ਦਾ ਨੋਟਿਸ ਲੈਂਦਿਆਂ ਸੂਬੇ ਦੀ ਯੋਗੀ ਆਦਿਤਿਆਨਾਥ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਵਿਸਤ੍ਰਿਤ ਰੀਪੋਰਟ ਮੰਗੀ ਹੈ। ਹਾਦਸੇ 'ਚ ਜ਼ਖ਼ਮੀ 63 ਲੋਕਾਂ ਦਾ ਜ਼ਿਲ੍ਹਾ ਹਸਪਤਾਲ ਤੇ ਲਖਨਊ ਦੇ ਟਰਾਮਾ ਸੈਂਟਰ 'ਚ ਇਲਾਜ ਚਲ ਰਿਹਾ ਹੈ।ਰਾਸ਼ਟਰੀ ਬਿਪਤਾ ਰਾਹਤ ਬਲ (ਐਨ.ਡੀ.ਆਰ.ਐਫ਼.) ਦੀ ਟੀਮ ਅਜੇ ਵੀ ਹਾਦਸੇ ਵਾਲੀ ਥਾਂ ਦੀ ਖੋਜਬੀਨ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਮਲਬੇ 'ਚ ਅਜੇ ਕੁੱਝ ਹੋਰ ਲਾਸ਼ਾਂ ਦਬੀਆਂ ਹੋ ਸਕਦੀਆਂ ਹਨ।ਰਾਸ਼ਟਰਪਮੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਉਤੇ ਦੁੱਖ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਨੇ ਮ੍ਰਿਤਕ ਦੇ ਪ੍ਰਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਵੱਖੋ-ਵੱਖ ਹਸਪਤਾਲਾਂ 'ਚ ਭਰਤੀ ਜ਼ਖ਼ਮੀਆਂ ਦਾ ਜਾ ਕੇ ਹਾਲਚਾਲ ਪੁਛਿਆ।
ਕੁੱਝ ਲੋਕਾਂ ਵਲੋਂ ਇਹ ਦੱਸੇ ਜਾਣ 'ਤੇ ਕਿ ਇਸ ਪਲਾਂਟ 'ਚ ਕੰਮ ਤਿੰਨ ਸਾਲਾਂ 'ਚ ਸ਼ੁਰੂ ਹੋਣਾ ਸੀ ਪਰ ਇਸ ਨੂੰ ਢਾਈ ਸਾਲ ਬਾਅਦ ਹੀ ਅਧੂਰੀ ਤਿਆਰੀ ਨਾਲ ਸ਼ੁਰੂ ਕਰ ਦਿਤਾ ਗਿਆ, ਇਸ 'ਤੇ ਕਾਂਗਰਸ ਮੀਤ ਪ੍ਰਧਾਨ ਨੇ ਕਿਹਾ ਕਿ ਉਹ ਜਾਂਚ ਦੀ ਮੰਗ ਕਰਨਗੇ। ਉਨ੍ਹਾਂ ਕਿਹਾ, ''ਇਹ ਲੋਕ ਕਹਿ ਰਹੇ ਹਨ ਕਿ ਪਲਾਂਟ ਨੂੰ ਛੇਤੀ ਚਲਾ ਦਿਤਾ ਗਿਆ। ਚਲਾਉਣਾ ਨਹੀਂ ਚਾਹੀਦਾ ਸੀ।''ਸਮਾਜਵਾਦੀ ਪਾਰਟੀ ਦੇ ਆਗੂ ਅਹਿਮਦ ਪਟੇਲ ਨੇ ਲਖਨਊ 'ਚ ਭਰਤੀ ਜ਼ਖ਼ਮੀਆਂ ਦਾ ਹਾਲ ਪੁੱਛਣ ਤੋਂ ਬਾਅਦ ਇਸ ਨੂੰ ਬੇਹੱਦ ਦਰਦਨਾਕ ਘਟਨਾ ਕਰਾਰ ਦਿਤਾ। ਉਨ੍ਹਾਂ ਮੰਗ ਕੀਤੀ ਕਿ ਇਸ ਗੰਭੀਰ ਘਟਨਾ ਦੀ ਜਾਂਚ ਹਾਈ ਕੋਰਟ ਦੇ ਕਿਸੇ ਸੇਵਾਮੁਕਤ ਜੱਜ ਤੋਂ ਕਰਵਾਈ ਜਾਵੇ। (ਪੀਟੀਆਈ)