ਬਾਬਾ ਵੀਰੇਂਦਰ ਦੀਕਸ਼ਿਤ ਦੇ ਇਕ ਹੋਰ ਆਸ਼ਰਮ 'ਤੇ ਪੁਲਿਸ ਦੀ ਛਾਪੇਮਾਰੀ, 71 ਕੁੜੀਆਂ ਆਜ਼ਾਦ ਕਰਵਾਈਆਂ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 23 ਦਸੰਬਰ: ਦਿੱਲੀ ਮਹਿਲਾ ਕਮਿਸ਼ਨ ਨੇ ਪੁਲਿਸ ਦੀ ਟੀਮ ਨਾਲ ਅੱਜ ਇਕ ਅਖੌਤੀ ਅਧਿਆਤਮਕ ਆਗੂ ਦੇ ਦਵਾਰਕਾ ਸਥਿਤ ਆਸ਼ਰਮ 'ਤੇ ਛਾਪਾ ਮਾਰ ਕੇ ਉਥੇ ਕਥਿਤ ਤੌਰ 'ਤੇ ਬੰਧਕ ਬਣਾ ਕੇ ਰਖੀਆਂ ਪੰਜ ਕੁੜੀਆਂ ਨੂੰ ਆਜ਼ਾਦ ਕਰਵਾਇਆ ਹੈ। ਇਸ ਦੇ ਨਾਲ ਹੀ ਲੋਕਾਂ ਨੂੰ 'ਅਧਿਆਤਮਕ ਸਿਖਿਆ' ਦੇਣ ਵਾਲੇ ਇਸ ਆਸ਼ਰਮ 'ਚੋਂ ਹੁਣ ਤਕ ਬਚਾਈਆਂ ਗਈਆਂ ਕੁੜੀਆਂ ਦੀ ਗਿਣਤੀ 71 ਹੋ ਗਈ ਹੈ। ਆਸ਼ਰਮ ਦਾ ਸੰਸਥਾਪਕ ਵੀਰੇਂਦਰ ਦੇਵ ਦੀਕਸ਼ਿਤ ਹੈ। ਇਹ ਛਾਪੇਮਾਰੀ ਬੁਧਵਾਰ ਨੂੰ ਰੋਹਿਣੀ ਸਥਿਤ ਅਧਿਆਤਮਕ ਯੂਨੀਵਰਸਟੀ 'ਤੇ ਹੋਈ ਛਾਪੇਮਾਰੀ ਦੇ ਮੱਦੇਨਜ਼ਰ ਕੀਤੀ ਗਈ ਜਿੱਥੇ ਔਰਤਾਂ ਅਤੇ ਕੁੜੀਆਂ ਨੂੰ ਜਾਨਵਰਾਂ ਵਾਂਗ ਪਿੰਜਰੇ 'ਚ ਬੰਦ ਕਰ ਕੇ ਰਖਿਆ ਗਿਆ ਸੀ। ਮਾਮਲਾ ਉਦੋਂ ਉਜਾਗਰ ਹੋਇਆ ਜਦੋਂ ਗ਼ੈਰਸਰਕਾਰੀ ਜਥੇਬੰਦੀ ਫ਼ਾਊਂਡੇਸ਼ਨ ਫ਼ਾਰ ਸੋਸ਼ਲ ਇੰਪਾਵਰਮੈਂਟ ਨੇ ਦਿੱਲੀ ਹਾਈ ਕੋਰਟ 'ਚ ਜਨਹਿੱਤ ਅਪੀਲ ਦਾਇਰ ਕਰ ਕੇ ਸੂਚਿਤ ਕੀਤਾ ਕਿ ਉੱਥੇ ਕਈ ਔਰਤਾਂ ਅਤੇ ਨਾਬਾਲਿਗ ਕੁੜੀਆਂ ਨੂੰ ਨਾਜਾਇਜ਼ ਤੌਰ 'ਤੇ ਬੰਦ ਕਰ ਕੇ ਰਖਿਆ ਗਿਆ ਹੈ।

ਜਨਹਿਤ ਅਪੀਲ 'ਤੇ ਹਾਈ ਕੋਰਟ ਨੇ ਆਸ਼ਰਮ ਦੀ ਜਾਂਚ ਲਈ ਵਕੀਲਾਂ ਅਤੇ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਦੀ ਇਕ ਕਮੇਟੀ ਬਣਾਈ ਸੀ। ਦਿੱਲੀ ਮਹਿਲਾ ਕਮਿਸ਼ਨ ਨੇ ਕਲ ਦਿੱਲੀ ਪੁਲਿਸ ਨਾਲ ਉੱਤਮ ਨਗਰ ਦੇ ਮੋਹਨ ਗਾਰਡਨ ਸਥਿਤ ਦੀਕਸ਼ਿਤ ਦੇ ਆਸ਼ਰਮ 'ਤੇ ਛਾਪਾ ਮਾਰਿਆ ਸੀ ਅਤੇ ਬੰਦ 25 ਔਰਤਾਂ ਨੂੰ ਆਜ਼ਾਦ ਕਰਵਾਇਆ ਸੀ। ਅੱਜ ਕਮਿਸ਼ਨ ਨੇ ਪੰਜ ਹੋਰ ਕੁੜੀਆਂ ਨੂੰ ਆਜ਼ਾਦ ਕਰਵਾਇਆ। ਬੁਧਵਾਰ ਨੂੰ ਰੋਹਿਣੀ ਸਥਿਤ ਆਸ਼ਰਮ 'ਚੋਂ 41 ਕੁੜੀਆਂ ਨੂੰ ਬਚਾਇਆ ਗਿਆ ਸੀ ਅਤੇ ਇਥੋਂ ਕਈ ਇਤਰਾਜ਼ਯੋਗ ਚੀਜ਼ਾਂ ਜ਼ਬਤ ਕੀਤੀਆਂ ਗਈਆਂ ਸਨ। 

ਮਾਲੀਵਾਲ ਨੇ ਟਵੀਟ ਕੀਤਾ ਕਿ ਮੋਹਨ ਗਾਰਡਨ ਸਥਿਤ ਆਸ਼ਰਮ 'ਚੋਂ ਪੰਜ ਹੋਰ ਨਾਬਾਲਗ਼ ਕੁੜੀਆਂ ਨੂੰ ਮੁਕਤ ਕਰਵਾਇਆ ਗਿਆ। ਉਹ ਇੱਥੇ ਜੇਲ ਵਰਗੀ ਸਥਿਤੀ 'ਚ ਬੰਦ ਸਨ। ਮਾਲੀਵਾਲ ਨੇ ਦਾਅਵਾ ਕੀਤਾ ਕਿ ਆਸ਼ਰਮ 'ਚ ਬਕਸੇ ਮਿਲੇ ਹਨ ਜਿਨ੍ਹਾਂ 'ਚ ਦੀਕਸ਼ਿਤ ਵਲੋਂ ਆਸ਼ਰਮ 'ਚ ਬੰਦ ਕੁੜੀਆਂ ਨੂੰ ਲਿਖੇ ਇਤਰਾਜ਼ਯੋਗ ਸਮੱਗਰੀ ਵਾਲੇ ਪੱਤਰ ਸਨ। ਉਨ੍ਹਾਂ ਕਿਹਾ ਕਿ ਰੋਹਿਣੀ ਸਥਿਤ ਆਸ਼ਰਮ 'ਚ ਹਰ 10 ਮੀਟਰ 'ਤੇ ਧਾਤ ਦੇ ਗੇਟ ਸਨ ਅਤੇ ਛੱਤਾਂ ਉਤੇ ਬਾੜਬੰਦੀ ਕੀਤੀ ਗਈ ਸੀ ਜਿਸ ਨਾਲ ਕੁੜੀਆਂ ਉਥੋਂ ਭੱਜ ਨਾ ਸਕਣ। ਇਹ ਕੁੜੀਆਂ ਕਈ ਸਾਲਾਂ ਤੋਂ ਇੱਥੇ ਬੰਦ ਸਨ। (ਪੀਟੀਆਈ)