'ਬਦਲਾ ਲੈਣਾ ਜ਼ਰੂਰੀ ਪਰ ਗੋਲੀ ਹੱਲ ਨਹੀਂ'

ਖ਼ਬਰਾਂ, ਰਾਸ਼ਟਰੀ

ਤਲਵੰਡੀ ਸਾਬੋ - ਸ਼ਹੀਦ ਹੋਏ ਫੌਜੀਆਂ ਦਾ ਭਾਰਤ ਨੇ ਮੂੰਹ ਤੋੜਵਾਂ ਜਵਾਬ ਦਿੰਦੇ ਹੋਏ ਹਮਲਾ ਕਰ ਕੇ ਪਾਕਿਸਤਾਨ ਦੇ ਕਈ ਜਵਾਨਾਂ ਨੂੰ ਮਾਰ ਮੁਕਾਇਆ ਹੈ। ਇਸ ਸਬੰਧੀ ਸ਼ਹੀਦ ਹੋਏ ਪਿੰਡ ਕੋਰੇਆਣਾ ਦੇ ਫੌਜੀ ਕੁਲਦੀਪ ਸਿੰਘ ਦੇ ਪਰਿਵਾਰ ਨੇ ਅਮਨ-ਸ਼ਾਂਤੀ ਕਾਇਮ ਰੱਖਣ ਦੀ ਗੱਲ ਕੀਤੀ ਹੈ।

ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਕੋਰੇਆਣਾ ਦੇ ਸ਼ਹੀਦ ਫੌਜੀ ਕੁਲਦੀਪ ਸਿੰਘ ਦੀ ਅਪਾਹਜ ਮਾਤਾ ਰਾਣੀ ਕੌਰ ਨੇ ਕਿਹਾ ਕਿ ਜਦੋਂ ਦੇਸ਼ ਦੀ ਆਨ ਅਤੇ ਸ਼ਾਨ ਦੀ ਗੱਲ ਆ ਜਾਂਦੀ ਹੈ ਤਾਂ ਬਦਲਾ ਲੈਣਾ ਪੈਂਦਾ ਹੈ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਦੋਵੇਂ ਪਾਸੇ ਸ਼ਹੀਦ ਮਾਵਾਂ ਦੇ ਪੁੱਤਰ ਹੀ ਹੁੰਦੇ ਹਨ। ਉਨ੍ਹਾਂ ਰੋਸ ਪ੍ਰਗਟਾਉਂਦੇ ਕਿਹਾ ਕਿ ਇਸ ਲਈ ਸਰਕਾਰਾਂ ਜ਼ਿੰਮੇਵਾਰ ਹਨ ਤੇ ਸਰਕਾਰਾਂ ਨੂੰ ਬੈਠ ਕੇ ਮਾਮਲਾ ਹੱਲ ਕਰ ਲੈਣਾ ਚਾਹੀਦਾ ਹੈ। ਸ਼ਹੀਦ ਦੇ ਚਚੇਰੇ ਭਰਾ ਭਗਵੰਤ ਸਿੰਘ ਨੇ ਕਿਹਾ ਕਿ ਅਸੀ ਸ਼ਾਂਤੀ ਚਾਹੁੰਦੇ ਹਾਂ ਤਾਂ ਜੋ ਕਿਸੇ ਭੈਣ ਦਾ ਭਰਾ, ਮਾਂ ਦਾ ਪੁੱਤਰ ਤਾਬੂਤ ਵਿਚ ਬੰਦ ਹੋ ਕੇ ਘਰ ਨਾ ਆਵੇ। ਉਨ੍ਹਾਂ ਕਿਹਾ ਕਿ ਗੋਲੀ ਕਿਸੇ ਮਸਲੇ ਦਾ ਹੱਲ ਨਹੀਂ। ਇਸ ਲਈ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਹਨ।