ਬਦਲਾ ਨਹੀਂ ਲਵਾਂਗੇ, ਗੁਜਰਾਤ ਨੂੰ ਬਦਲਾਂਗੇ : ਰਾਹੁਲ

ਖ਼ਬਰਾਂ, ਰਾਸ਼ਟਰੀ

ਰਾਹੁਲ ਨੇ ਸੇਬੀ ਦੇ ਜੁਰਮਾਨੇ 'ਤੇ ਮੋਦੀ, ਰੂਪਾਨੀ ਨੂੰ ਬਣਾਇਆ ਨਿਸ਼ਾਨਾ
ਬਨਾਸਕਾਠਾ (ਗੁਜਰਾਤ), 12 ਨਵੰਬਰ : ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਥਿਤ ਹੇਰਫੇਰ ਵਾਲੇ ਸ਼ੇਅਰ ਕਾਰੋਬਾਰ ਲਈ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਫ਼ਰਮ 'ਤੇ ਸੇਬੀ ਦੁਅਰਾ ਜੁਰਮਾਨਾ ਲਾਏ ਜਾਣ ਕਾਰਨ ਰੂਪਾਨੀ 'ਤੇ ਸਿਆਸੀ ਹਮਲਾ ਕੀਤਾ ਅਤੇ ਪ੍ਰਧਾਨ ਮੰਤਰੀ ਕੋਲੋਂ ਮੰਗ ਕੀਤੀ ਕਿ ਉਹ ਇਸ ਮੁੱਦੇ 'ਤੇ ਬਿਆਨ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਉਹ ਬਦਲਾ ਨਹੀਂ ਲੈਣਗੇ ਸਗੋਂ ਗੁਜਰਾਤ ਨੂੰ ਬਦਲਣਗੇ।
ਗੁਜਰਾਤ ਦੇ ਚੋਣ ਦੌਰੇ 'ਤੇ ਆਏ ਹੋਏ ਰਾਹੁਲ ਨੇ ਦਾਅਵਾ ਕੀਤਾ ਕਿ ਸ਼ੇਅਰ ਬਾਜ਼ਾਰ ਨਿਗਰਾਨ ਸੰਸਥਾ ਸੇਬੀ ਨੇ ਰੂਪਾਨੀ ਨੂੰ 'ਬੇਈਮਾਨ' ਕਿਹਾ ਅਤੇ ਉਸ 'ਤੇ ਜੁਰਮਾਨਾ ਲਾਇਆ। ਉਨ੍ਹਾਂ ਕਿਹਾ, 'ਗੁਜਰਾਤ ਪੂਰੇ ਦੇਸ਼ ਤੋਂ ਜ਼ਿਆਦਾ ਭ੍ਰਿਸ਼ਟ ਹੈ। ਸੂਰਤ ਕਾਰੋਬਾਰੀਆਂ ਨੇ ਮੈਨੂੰ ਕਿਹਾ ਕਿ ਪੁਲਿਸ ਮੁਲਾਜ਼ਮ ਰਿਸ਼ਵਤ ਮੰਗਣ ਲਈ ਹਰ ਦੋ ਮਿੰਟ ਮਗਰੋਂ ਉਨ੍ਹਾਂ ਕੋਲ ਆਉਂਦੇ ਹਨ।'
ਕਾਂਗਰਸੀ ਨੇਤਾ ਨੇ ਉੱਤਰੀ ਗੁਜਰਾਤ ਦੇ ਦੌਰੇ ਦੇ ਦੂਜੇ ਦਿਨ ਬਨਾਸਕਾਂਠਾ ਜ਼ਿਲ੍ਹੇ ਵਿਚ ਰੈਲੀ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ, 'ਭਾਜਪਾ ਮੁਖੀ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਨੇ 2014 ਵਿਚ ਭਾਜਪਾ ਦੇ ਸੱਤਾ ਵਿਚ ਆਉਣ ਮਗਰੋਂ ਕੁੱਝ ਮਹੀਨਿਆਂ ਵਿਚ ਹੀ ਅਪਣੀ ਕੰਪਨੀ ਦਾ ਕਾਰੋਬਾਰ 50 ਹਜ਼ਾਰ ਰੁਪਏ ਤੋਂ ਵਧਾ ਕੇ 80 ਕਰੋੜ ਰੁਪਏ ਕਰ ਲਿਆ। ਗੁਜਰਾਤ ਦੀ ਜਨਤਾ ਇਹ ਜਾਣਦੀ ਹੈ ਕਿ ਬਿਨਾਂ ਭ੍ਰਿਸ਼ਟਾਚਾਰ ਅਜਿਹਾ ਨਹੀਂ ਹੋ ਸਕਦਾ।' ਰਾਹੁਲ ਨੇ ਕਿਹਾ, 'ਮੋਦੀ ਜੀ ਕਹਿੰਦੇ ਸਨ ਕਿ ਨਾ ਖਾਵਾਂਗਾ ਤੇ ਨਾ ਖਾਣ ਦੇਵਾਂਗਾ ਪਰ ਇਸ ਮੁੱਦੇ 'ਤੇ ਮੂੰਹ ਨਹੀਂ ਖੋਲ੍ਹ ਰਹੇ।
ਹੁਣ ਉਨ੍ਹਾਂ ਦਾ ਨਾਹਰਾ ਹੈ-ਨਾ ਬੋਲਦਾ ਹਾਂ, ਨਾ ਬੋਲਣ ਦੇਵਾਂਗਾ।'
ਉਨ੍ਹਾਂ ਕਿਹਾ, 'ਦੇਸ਼ ਦੀ ਜਨਤਾ ਸੁਣਨਾ ਚਾਹੁੰਦੀ ਹੈ ਕਿ ਤੁਸੀਂ ਅਮਿਤ ਸ਼ਾਹ ਦੇ ਬੇਟੇ ਦੀ ਕੰਪਨੀ ਅਤੇ ਵਿਜੇ ਰੂਪਾਨੀ ਬਾਰੇ ਕੀ ਕਹਿਣਾ ਚਾਹੁੰਦੇ ਹੋ। ਜੇ ਤੁਸੀਂ ਇਸ ਮੁੱਦੇ 'ਤੇ ਕੁੱਝ ਨਹੀਂ ਕਿਹਾ ਤਾਂ ਗੁਜਰਾਤ ਦੀ ਜਨਤਾ ਸਮਝੇਗੀ ਕਿ ਤੁਸੀਂ ਚੌਕੀਦਾਰ ਨਹੀਂ ਸਗੋਂ ਭਾਗੀਦਾਰ ਹੋ।' ਸੇਬੀ ਨੇ ਜਨਵਰੀ ਤੋਂ ਜੂਨ 2011 ਤਕ ਕੰਪਨੀ ਸ਼ਰਨ ਕੈਮੀਕਲਜ਼ ਲਿਮਟਿਡ ਦੇ ਸ਼ੇਅਰਾਂ ਵਿਚ ਹੇਰਫੇਰ ਕਰਨ ਲਈ ਰੂਪਾਨੀ ਐਚਯੂਐਫ਼ ਸਮੇਤ 22 ਕੰਪਨੀਆਂ 'ਤੇ ਜੁਰਮਾਨਾ ਲਾਇਆ ਸੀ। ਰੂਪਾਨੀ ਨੇ ਕਿਹਾ ਸੀ ਕਿ ਅਪੀਲੀ ਅਦਾਲਤ ਨੇ ਉਸ ਦੀ ਫ਼ਰਮ ਸਮੇਤ 22 ਕੰਪਨੀਆਂ 'ਤੇ ਲਗਿਆ ਜੁਰਮਾਨਾ ਨੂੰ ਖ਼ਤਮ ਕਰ ਦਿਤਾ ਸੀ। (ਏਜੰਸੀ)