ਬੰਗਾਲ 'ਚ ਹੋਇਆ ਸੀ ਰਸਗੁੱਲੇ ਦਾ 'ਜਨਮ', ਲੜਾਈ ਵਿਚ ਹਾਰਿਆ ਉੜੀਸਾ

ਖ਼ਬਰਾਂ, ਰਾਸ਼ਟਰੀ

ਕੋਲਕਾਤਾ, 14 ਨਵੰਬਰ : ਕਹਿੰਦੇ ਹਨ ਕਿ ਮਠਿਆਈ ਕੜਵਾਹਟ ਦੂਰ ਕਰਦੀ ਹੈ ਪਰ ਦੋ ਰਾਜਾਂ ਪਛਮੀ ਬੰਗਾਲ ਅਤੇ ਉੜੀਸਾ ਵਿਚਕਾਰ ਮਠਿਆਈ 'ਤੇ ਜੰਗ ਛਿੜੀ ਹੋਈ ਸੀ ਜਿਸ ਵਿਚ ਆਖ਼ਰਕਾਰ, ਬੰਗਾਲ ਜਿੱਤ ਗਿਆ। ਇਸ ਦੀ ਜਾਣਕਾਰੀ ਖ਼ੁਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੰਦਨ ਵਿਚ ਟਵਿਟਰ 'ਤੇ ਦਿਤੀ। ਪਛਮੀ ਬੰਗਾਲ ਦੀ ਪ੍ਰਸਿੱਧ ਰਸਗੁੱਲਾ ਮਠਿਆਈ 'ਬਾਂਗਲਾਰ ਰਾਸੋਗੋਲਾ' ਨੂੰ ਭਾਰਤੀ ਪੇਟੰਟ ਦਫ਼ਤਰ ਤੋਂ ਵਿਸ਼ੇਸ਼ ਭੂਗੋਲਿਕ ਖੇਤਰ ਦੇ ਉਤਪਾਦ ਦਾ ਪ੍ਰਮਾਣ ਪੱਤਰ ਮਿਲ ਗਿਆ ਹੈ। ਉਧਰ, ਉੜੀਸਾ ਅਪਣੇ ਰਸਗੁੱਲੇ ਲਈ ਵਿਸ਼ੇਸ਼ ਭੂਗੋਲਿਕ ਪ੍ਰਮਾਣ ਪੱਤਰ ਦਾ ਦਾਅਵਾ ਕਰ ਰਿਹਾ ਸੀ। ਮਮਤਾ ਨੇ ਕਿਹਾ, 'ਸਾਡੇ ਸਾਰਿਆਂ ਲਈ ਮਿੱਠੀ ਖ਼ਬਰ ਹੈ। ਅਸੀਂ ਖ਼ੁਸ਼ੀ ਅਤੇ ਮਾਣ ਨਾਲ ਦਸਣਾ ਚਾਹੁੰਦੇ ਹਾਂ ਕਿ ਬੰਗਾਲ ਵਿਚ ਰਸਗੁੱਲਾ ਇਜਾਦ ਹੋਣ ਦੀ ਭੂਗੋਲਿਕ ਪਛਾਣ ਮਿਲ ਗਈ ਹੈ ਅਤੇ ਰਸਗੁੱਲੇ ਦੀ ਕਾਢ 'ਤੇ ਸਾਡਾ ਅਧਿਕਾਰ ਸਿੱਧ ਹੋ ਗਿਆ ਹੈ।' ਦੋਹਾਂ ਰਾਜਾਂ ਵਿਚਕਾਰ ਵਿਵਾਦ ਸੀ ਕਿ ਰਸਗੁੱਲੇ ਦੀ ਕਾਢ ਕਿਥੇ ਹੋਈ ਸੀ?