ਬੈਂਕ ਘਪਲਾ : ਰਾਹੁਲ ਦੀ ਅਗਵਾਈ ਵਿਚ ਸੰਸਦ ਦੇ ਵਿਹੜੇ ਵਿਚ ਧਰਨਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ, 6 ਮਾਰਚ : ਬੈਂਕ ਘਪਲੇ ਦੇ ਮਾਮਲੇ ਵਿਚ ਸੰਸਦ ਦੇ ਵਿਹੜੇ ਵਿਚ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਨੇ ਅੱਜ ਧਰਨਾ ਦਿਤਾ। ਸਰਕਾਰ 'ਤੇ ਹਮਲਾ ਤੇਜ਼ ਕਰਦਿਆਂ ਰਾਹੁਲ ਗਾਂਧੀ ਦੀ ਅਗਵਾਈ ਵਿਚ ਸੰਸਦ ਮੈਂਬਰਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ ਅੱਗੇ ਧਰਨਾ ਦਿਤਾ ਅਤੇ ਸਰਕਾਰ ਕੋਲੋਂ ਸਪੱਸ਼ਟੀਕਰਨ ਮੰਗਿਆ। ਅੱਜ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਦੀ ਅਗਵਾਈ ਵਿਚ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਵਿਹੜੇ ਵਿਚ ਨਾਹਰੇਬਾਜ਼ੀ ਕੀਤੀ। ਉਨ੍ਹਾਂ ਦੇ ਹੱਥਾਂ ਵਿਚ ਤਖ਼ਤੀਆਂ ਸਨ ਜਿਨ੍ਹਾਂ 'ਤੇ 'ਦੇਸ਼ ਦੇ ਚੌਕੀਦਾਰ ਕਿਥੇ ਗਏ, ਪ੍ਰਧਾਨ ਮੰਤਰੀ ਕਿਥੇ ਗਏ ਆਦਿ ਨਾਹਰੇ ਲਿਖੇ ਹੋਏ ਸਨ। ਕਲ ਸੰਸਦ ਦਾ ਬਜਟ ਇਜਲਾਸ ਸ਼ੁਰੂ ਹੋਣ ਮਗਰੋਂ ਅੱਜ ਦੂਜੇ ਦਿਨ ਕਾਂਗਰਸ ਨੇ ਲੋਕ ਸਭਾ ਅਤੇ ਰਾਜ ਸਭਾ ਵਿਚ ਇਸ ਮੁੱਦੇ 'ਤੇ ਭਾਰੀ ਹੰਗਾਮਾ ਕੀਤਾ ਅਤੇ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ। 

ਕਾਂਗਰਸ ਅਤੇ ਕੁੱਝ ਹੋਰ ਪਾਰਟੀਆਂ ਦੇ ਹੰਗਾਮੇ ਕਾਰਨ ਦੋਹਾਂ ਸਦਨਾਂ ਦੀ ਕਾਰਵਾਈ ਕਈ ਵਾਰ ਰੁਕੀ। ਬਾਅਦ ਵਿਚ ਰਾਹੁਲ ਨੇ ਟਵਿਟਰ 'ਤੇ ਕਿਹਾ, 'ਸੰਸਦ ਵਿਚ ਅੱਜ ਜ਼ੋਰਦਾਰ ਨਾਹਰਾ ਸੁਣਿਆ ਗਿਆ, 'ਨੀਰਵ ਮੋਦੀ, ਮੋਦੀ ਨੀਰਵ। ਰਾਹੁਲ ਨੇ ਕਿਹਾ ਕਿ ਇਕ ਨੀਰਵ ਮੋਦੀ ਹੈ, ਦੂਜਾ ਮੋਦੀ ਨੀਰਵ ਹੈ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਅਪਣੀ ਜਵਾਬਦੇਹੀ ਤੋਂ ਬਚ ਰਹੀ ਹੈ। ਇਹ ਘਪਲਾ ਕੇਂਦਰ ਸਰਕਾਰ ਦੀ ਮਿਲੀਭੁਗਤ ਨਾਲ ਹੋਇਆ ਹੈ। ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ। ਉਧਰ, ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਸ ਘਪਲੇ ਦੀ ਸ਼ੁਰੂਆਤ ਕਾਂਗਰਸ ਦੇ ਰਾਜ ਵਿਚ ਹੋਈ ਸੀ। (ਏਜੰਸੀ)