ਨਵੀਂ ਦਿੱਲੀ : ਸੰਸਦ 'ਚ ਬਜਟ ਸੈਸ਼ਨ ਦਾ ਦੂਜਾ ਪੜਾਅ ਸੋਮਵਾਰ ਨੂੰ ਸ਼ੁਰੂ ਹੋਇਆ। ਇਸ ਸੈਸ਼ਨ ਦੇ ਪਹਿਲੇ ਦਿਨ ਦੀ ਸ਼ੁਰੂਆਤ ਹੀ ਹੰਗਾਮੇ ਨਾਲ ਹੋਈ। ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਮਚੇ ਹੰਗਾਮੇ ਲੋਕ ਸਭਾ ਦੀ ਕਾਰਵਾਈ ਪਹਿਲਾਂ 12 ਵਜੇ ਤੱਕ ਲਈ ਮੁਲਤਵੀ ਕਰਨੀ ਪਈ ਪਰ ਹੰਗਾਮੇ ਕਾਰਨ ਬਾਅਦ 'ਚ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰਨੀ ਪਈ। ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਜਿਵੇਂ ਹੀ ਪ੍ਰਸ਼ਨਕਾਲ ਸ਼ੁਰੂ ਕੀਤਾ, ਸਦਨ 'ਚ ਵਿਰੋਧੀ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਪੀ.ਐੱਨ.ਬੀ. ਘੁਟਾਲੇ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਕਾਂਗਰਸ ਦੇ ਕਈ ਮੈਂਬਰ ਸਪੀਕਰ ਦੇ ਆਸਨ ਨੇੜੇ ਪੁੱਜ ਕੇ ਨਾਅਰੇਬਾਜ਼ੀ ਕਰਨ ਲੱਗੇ। ਰਾਜ ਸਭਾ ਵੀ ਇਸ ਮਸਲੇ 'ਤੇ ਅਤੇ ਪੀ.ਐੱਨ.ਬੀ. ਧੋਖੇ ਨੂੰ ਲੈ ਕੇ ਹੰਗਾਮੇ ਕਾਰਨ ਪਹਿਲਾਂ 11.20 ਮਿੰਟ ਤੱਕ ਲਈ ਮੁਲਤਵੀ ਹੋਈ।