ਬਲਾਤਕਾਰ ਦਾ ਮਾਮਲਾ : ਅਦਾਲਤ ਵਲੋਂ ਪੱਤਰਕਾਰ ਤਰੁਣ ਤੇਜਪਾਲ ਵਿਰੁਧ ਦੋਸ਼ ਤੈਅ ਕਰਨ ਦੇ ਹੁਕਮ

ਖ਼ਬਰਾਂ, ਰਾਸ਼ਟਰੀ

ਪਣਜੀ, 7 ਸਤੰਬਰ : ਗੋਆ ਦੀ ਅਦਾਲਤ ਨੇ ਕਰੀਬ ਚਾਰ ਸਾਲ ਪਹਿਲਾਂ ਸਾਬਕਾ ਮਹਿਲਾ ਸਹਿਯੋਗੀ ਦਾ ਜਿਸਮਾਨੀ ਸ਼ੋਸ਼ਣ ਅਤੇ ਬਲਾਤਕਾਰ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਪੱਤਰਕਾਰ ਤਰੁਣ ਤੇਜਪਾਲ ਵਿਰੁਧ ਅੱਜ ਦੋਸ਼ ਪੱਤਰ ਤੈਅ ਕਰਨ ਦੇ ਹੁਕਮ ਦੇ ਦਿਤੇ। ਇਸ ਤੋਂ ਪਹਿਲਾਂ, ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਜੇ ਪਾਲ ਨੇ ਤੇਜਪਾਲ ਦੀ ਉਸ ਵਿਰੁਧ ਲੱਗੇ ਦੋਸ਼ਾਂ ਨੂੰ ਰੱਦ ਕਰਨ ਦੀ ਅਰਜ਼ੀ ਰੱਦ ਕਰ ਦਿਤੀ।
ਮੁਦਈ ਧਿਰ ਅਨੁਸਾਰ ਅਦਾਲਤ ਨੇ ਕਿਹਾ ਕਿ ਤੇਜਪਾਲ ਵਿਰੁਧ ਧਾਰਾ 341, 342, 350, 354, 376 ਤਹਿਤ ਦੋਸ਼ ਤੈਅ ਹੋਣਗੇ। ਅਦਾਲਤ ਨੇ ਮੀਡੀਆ ਨੂੰ ਕਾਰਵਾਈ ਤੋਂ ਦੂਰ ਰਖਿਆ। ਸਰਕਾਰੀ ਵਕੀਲ ਫ਼ਰਾਂਸਿਸਕੋ ਤਵੋਰਾ ਨੇ ਅਦਾਲਤ ਤੋਂ ਬਾਹਰ ਪੱਤਰਕਾਰਾਂ ਨੂੰ ਕਿਹਾ, 'ਅਦਾਲਤ ਨੇ ਹੁਕਮ ਦਿਤਾ ਹੈ ਕਿ ਤਰੁਣ ਤੇਜਪਾਲ ਵਿਰੁਧ ਦੋਸ਼ ਤੈਅ ਹੋਣਗੇ।'
ਉਨ੍ਹਾਂ ਕਿਹਾ ਕਿ ਅਦਾਲਤ ਦੁਆਰਾ ਤੇਜਪਾਲ ਵਿਰੁਧ ਕੋਈ ਦੋਸ਼ ਹਟਾਇਆ ਨਹੀਂ ਗਿਆ। ਤੇਜਪਾਲ ਨੇ ਸਾਲ 2013 'ਚ ਕਿਸੇ ਸਮਾਗਮ ਦੌਰਾਨ ਗੋਆ ਦੇ ਪੰਜ ਸਿਤਾਰਾ ਹੋਟਲ ਦੀ ਲਿਫ਼ਟ ਵਿਚ ਕੁੜੀ ਦਾ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਸੀ। ਇਹ ਕੁੜੀ ਉਸ ਦੇ ਹੀ ਅਦਾਰੇ ਵਿਚ ਪਹਿਲਾਂ ਕੰਮ ਕਰਦੀ ਸੀ ਅਤੇ ਤੇਜਪਾਲ ਦੀ ਧੀ ਦੀ ਸਹੇਲੀ ਸੀ। ਤੇਜਪਾਲ ਫ਼ਿਲਹਾਲ ਜ਼ਮਾਨਤ 'ਤੇ ਹੈ। (ਏਜੰਸੀ)