ਬਲਾਤਕਾਰ ਦੇ ਦੋ ਮਾਮਲਿਆਂ 'ਚ 10-10 ਸਾਲ ਦੀ ਸਜ਼ਾ ਮਿਲਣ 'ਤੇ

ਖ਼ਬਰਾਂ, ਰਾਸ਼ਟਰੀ



ਰੋਹਤਕ, 28 ਅਗੱਸਤ: ਦੋ ਸਾਧਵੀਆਂ ਨਾਲ ਬਲਾਤਕਾਰ ਦੇ ਜੁਰਮ 'ਚ ਸੌਦਾ ਸਾਧ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਹੀ ਕਰੀਬ 30 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਸੌਦਾ ਸਾਧ ਨੂੰ ਦੋ ਬਲਾਤਕਾਰ ਮਾਮਲਿਆਂ ਵਿਚ 10-10 ਸਾਲ ਕੈਦ ਦੀ ਸਜ਼ਾ ਦਿਤੀ ਗਈ ਹੈ। ਵਿਸ਼ੇਸ਼ ਸੀਬੀਆਈ ਅਦਾਲਤ ਦੇ ਜੱਜ ਜਗਦੀਪ ਸਿੰਘ ਨੇ ਅੱਜ ਰੋਹਤਕ ਜੇਲ ਵਿਚ ਵਿਸ਼ੇਸ਼ ਅਦਾਲਤ ਲਾ ਕੇ ਸਜ਼ਾ ਦਾ ਫ਼ੈਸਲਾ ਸੁਣਾਇਆ। ਸੌਦਾ ਸਾਧ ਨੂੰ ਚਾਰ ਦਿਨ ਪਹਿਲਾਂ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋਸ਼ੀ ਕਰਾਰ ਦਿਤਾ ਸੀ। ਸੌਦਾ ਸਾਧ ਨੂੰ ਦੋਵੇਂ ਸਜ਼ਾਵਾਂ ਵੱਖ ਵੱਖ ਕਟਣੀਆਂ ਪੈਣਗੀਆਂ। ਦੋਹਾਂ ਪੀੜਤਾਂ ਨੂੰ 14-14 ਲੱਖ ਰੁਪਏ ਹਰਜਾਨੇ ਵਜੋਂ ਦਿਤੇ ਜਾਣਗੇ।
ਸੌਦਾ ਸਾਧ ਦੇ ਵਕੀਲ ਐਸ ਕੇ ਨਰਵਾਨਾ ਨੇ ਇਸ ਦੀ ਪੁਸ਼ਟੀ ਕੀਤੀ। ਸੌਦਾ ਸਾਧ ਨੂੰ ਧਾਰਾ 376 ਅਤੇ ਧਾਰਾ 506 ਤਹਿਤ ਸਜ਼ਾ ਸੁਣਾਈ ਗਈ ਹੈ। ਉਸ ਵਿਰੁਧ ਵੱਖ ਵੱਖ ਧਾਰਾਵਾਂ ਸਬੰਧੀ 65 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਸਜ਼ਾ ਦੇ ਫ਼ੈਸਲੇ ਮਗਰੋਂ ਸੌਦਾ ਸਾਧ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ। ਉਸ ਦਾ ਕੈਦੀ ਨੰਬਰ 1997 ਹੈ ਜਿਹੜਾ ਬਦਲ ਜਾਵੇਗਾ। ਉਸ ਨੂੰ ਹੁਣ ਕੈਦੀਆਂ ਵਾਲੇ ਕਪੜੇ ਪਾਉਣੇ ਪੈਣਗੇ। ਜੇਲ ਮੈਨੂਅਲ ਮੁਤਾਬਕ ਕੰਮ ਵੀ ਕਰਨਾ ਪਵੇਗਾ।    
ਸਜ਼ਾ ਸੁਣਾਉਣ ਲਈ ਰੋਹਤਕ ਦੀ ਸੁਨਾਰਿਆ ਜੇਲ ਦੀ ਲਾਇਬਰੇਰੀ ਵਿਚ ਅਦਾਲਤ ਲਾਈ ਗਈ। ਦੋਹਾਂ ਧਿਰਾਂ ਦੇ ਵਕੀਲਾਂ ਨੂੰ ਦਲੀਲ ਦੇਣ ਲਈ 10-10 ਮਿੰਟ ਦਾ ਸਮਾਂ ਦਿਤਾ ਗਿਆ। ਇਸ ਦੌਰਾਨ ਸੌਦਾ ਸਾਧ ਵੀ ਅਦਾਲਤ ਵਿਚ ਮੌਜੂਦ ਰਿਹਾ ਅਤੇ ਉਸ ਦੀਆਂ ਅੱਖਾਂ ਵਿਚੋਂ ਹੰਝੂ ਡਿਗਦੇ ਰਹੇ। ਉਹ ਰਹਿਮ ਦੀ ਅਪੀਲ ਕਰਦਾ ਰਿਹਾ। ਸਜ਼ਾ ਸੁਣਾਏ ਜਾਣ ਦੌਰਾਨ ਉਸ ਦੇ ਸ਼ਰਧਾਲੂਆਂ ਨੇ ਸਿਰਸਾ ਦੇ ਫੁਲਕਾ ਪਿੰਡ ਵਿਚ ਦੋ ਗੱਡੀਆਂ ਨੂੰ ਅੱਗ ਲਾ ਦਿਤੀ। ਇਸ ਦੀ ਜਾਣਕਾਰੀ ਵੀ ਅਦਾਲਤ ਨੂੰ ਦਿਤੀ ਗਈ। ਸੁਣਵਾਈ ਦੌਰਾਨ ਬਚਾਅ ਧਿਰ ਨੇ ਕਿਹਾ ਕਿ


ਉਹ ਸਮਾਜ ਸੇਵਾ ਕਰਦਾ ਹੈ, ਇਸ ਲਈ ਸਜ਼ਾ ਘੱਟ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੌਦਾ ਸਾਧ ਨੇ ਸਮਾਜ


ਸੇਵਾ ਦੇ 133 ਕੰਮ ਕੀਤੇ ਹਨ। ਉਹ ਨਰਮੀ ਦਾ ਹੱਕਦਾਰ ਹੈ। ਉਨ੍ਹਾਂ ਜੇਲ ਬਦਲਣ ਦੀ ਵੀ ਮੰਗ ਕੀਤੀ। ਸੀਬੀਆਈ ਦੇ ਵਕੀਲਾਂ ਨੇ ਕਿਹਾ ਕਿ ਹੁਣ ਕੋਈ ਰਹਿਮ ਨਹੀਂ। ਸਾਧਵੀਆਂ ਦਾ ਜਿਸਮਾਨੀ ਸ਼ੋਸ਼ਣ ਕੀਤਾ ਗਿਆ ਹੈ।


ਉਸ ਨੂੰ ਮਿਲਣ ਵਾਲੀ ਸਜ਼ਾ ਘੱਟ ਹੈ। ਉਨ੍ਹਾਂ ਉਮਰ ਕੈਦ ਦੀ ਮੰਗ ਕੀਤੀ।

ਸੌਦਾ ਸਾਧ ਦੀ ਦੁਕਾਨ ਚਲਦੀ ਰਹੇਗੀ : ਪੁੱਤਰ ਜਸਜੀਤ ਇਨਸਾਂ ਨਵਾਂ ਡੇਰਾ ਮੁਖੀ
ਸੌਦਾ ਸਾਧ ਦੇ ਜੇਲ ਜਾਣ ਮਗਰੋਂ ਉਸ ਦੇ ਜਾਨਸ਼ੀਨ ਬਾਰੇ ਕਿਆਫ਼ੇ ਲਾਏ ਜਾ ਰਹੇ ਸਨ। ਇਹ ਵੀ ਕਿਹਾ ਜਾ ਰਿਹਾ ਸੀ ਕਿ ਹੁਣ ਡੇਰੇ ਦਾ ਭੋਗ ਪੈ ਜਾਵੇਗਾ ਪਰ ਸੌਦਾ ਸਾਧ ਦੇ ਪੁੱਤਰ ਜਸਜੀਤ ਇਨਸਾਂ ਨੂੰ ਡੇਰੇ ਦਾ ਨਵਾਂ ਮੁਖੀ ਬਣਾ ਦਿਤਾ ਗਿਆ ਹੈ। ਬੇਸ਼ੱਕ ਸੌਦਾ ਸਾਧ ਜੇਲ ਚਲਾ ਗਿਆ ਹੈ ਪਰ ਲਗਦਾ ਹੈ ਕਿ ਉਸ ਦੀ ਝੂਠ ਦੀ ਦੁਕਾਨ ਚਲਦੀ ਰਹੇਗੀ। ਜਸਜੀਤ ਇਨਸਾਂ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਦਾ ਜਵਾਈ ਹੈ।
.. ਜਦ ਸੌਦਾ ਸਾਧ ਨੂੰ ਚਾਹ ਦੀ ਤਲਬ ਲੱਗੀ
ਅਦਾਲਤ ਵਿਚ ਫ਼ੈਸਲਾ ਸੁਣਨ ਸਮੇਂ ਸੌਦਾ ਸਾਧ ਨੇ ਚਾਹ ਪੀਣ ਦੀ ਇੱਛਾ ਪ੍ਰਗਟ ਕਰਦਿਆਂ ਕਿਹਾ ਕਿ ਉਸ ਨੂੰ ਚਾਹ ਦਿਤੀ ਜਾਵੇ ਪਰ ਅਦਾਲਤ ਨੇ ਇਹ ਮੰਗ ਮੰਨਣ ਤੋਂ ਸਾਫ਼ ਇਨਕਾਰ ਕਰ ਦਿਤਾ। ਇਸ 'ਤੇ ਸੌਦਾ ਸਾਧ ਦੇ ਵਕੀਲ ਨੇ ਵੀ ਕਿਹਾ ਕਿ ਉਸ ਨੂੰ ਜੇਲ ਵਿਚ ਚਾਹ ਬਹੁਤ ਮਾੜੀ ਮਿਲਦੀ ਹੈ ਪਰ ਸਰਕਾਰੀ ਵਕੀਲ ਨੇ ਕਿਹਾ ਕਿ ਜੇਲ ਮੈਨੂਅਲ ਮੁਤਾਬਕ ਹੀ ਜੇਲ ਵਿਚ ਚਾਹ ਦਿਤੀ ਜਾਂਦੀ ਹੈ, ਉਸ ਨੂੰ ਵਿਸ਼ੇਸ਼ ਚਾਹ ਨਹੀਂ ਦਿਤੀ ਜਾ ਸਕਦੀ।