ਬਲੂ ਵ੍ਹੇਲ ਗੇਮ ਦੇ ਪੀੜਤ ਨੌਜਵਾਨ ਨੇ ਕਿਹਾ, 'ਮੌਤ ਦਾ ਖੂਹ ਹੈ ਬਲੂ ਵ੍ਹੇਲ'

ਖ਼ਬਰਾਂ, ਰਾਸ਼ਟਰੀ



ਕਰਾਈਕਲ (ਪੁਡੂਚੇਰੀ), 6 ਸਤੰਬਰ: ਸਾਰੀ ਦੁਨੀਆਂ ਵਿਚ ਜਾਨਲੇਵਾ ਸਾਬਤ ਹੋ ਚੁੱਕੀ ਬਲੂ ਵ੍ਹੇਲ ਖੇਡ ਦਾ 50ਵਾਂ ਕੰਮ ਪੂਰਾ ਕਰਨ ਦੌਰਾਨ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਲੈਗਜ਼ੈਂਡਰ ਨੇ ਕਿਹਾ ਕਿ ਇਹ ਖੇਡ ਉਨ੍ਹਾਂ ਲਈ ਸੱਭ ਤੋਂ ਮਾੜਾ ਤਜਰਬਾ ਸਾਬਤ ਹੋਈ ਹੈ। ਨੌਜਵਾਨਾਂ ਨੂੰ ਇਸ ਖੇਡ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਇਕ ਕੋਈ ਖੇਡ ਨਾ ਹੋ ਕੇ ਮੌਤ ਦਾ ਖੂਹ ਹੈ ਅਤੇ ਕੋਈ ਵਿਅਕਤੀ ਚਾਹੁੰਦਾ ਹੋਇਆ ਵੀ ਇਸ ਨੂੰ ਛੱਡ ਨਹੀਂ ਸਕਦਾ।

ਪੁਲਿਸ ਨੇ ਅਲੈਗਜ਼ੈਂਡਰ ਨੂੰ ਉਸ ਸਮੇਂ ਬਚਾਅ ਲਿਆ ਜਦ ਉਸ ਦੇ ਪ੍ਰਵਾਰ ਨੇ ਪੁਲਿਸ ਨੂੰ ਸੂਚਨਾ ਦਿਤੀ ਕਿ ਉਸ ਦੀ ਬਾਂਹ ਉਤੇ ਚਾਕੂ ਨਾਲ ਇਕ ਵ੍ਹੇਲ ਬਣੀ ਹੋਈ ਹੈ। ਇਸ ਸੂਚਨਾ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਅਲੈਗਜ਼ੈਂਡਰ ਨੂੰ ਕਾਬੂ ਕਰ ਕੇ ਖ਼ੁਦਕੁਸ਼ੀ ਕਰਨ ਤੋਂ ਬਚਾਅ ਲਿਆ। ਬਾਂਹ 'ਤੇ ਵ੍ਹੇਲ ਬਣਾਉਣ ਤੋਂ ਬਾਅਦ ਗੇਮ ਦਾ ਆਖ਼ਰੀ ਕੰਮ ਖ਼ੁਦਕੁਸ਼ੀ, ਜ਼ਿਆਦਾ ਦੂਰ ਨਹੀਂ ਰਹਿ ਜਾਂਦਾ।

ਅੱਜ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਾਰਿਆਂ ਨੂੰ ਦਸਣਾ ਚਾਹੁੰਦਾ ਹੈ ਕਿ ਇਹ ਖੇਡ ਮੌਤ ਦਾ ਖੂਹ ਹੈ ਅਤੇ ਇਸ ਤੋਂ ਸਾਰੇ ਦੂਰ ਰਹਿਣ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਬਲੂ ਵ੍ਹੇਲ ਗੇਮ ਦਾ ਲਿੰਕ ਲਗਭਗ ਦੋ ਹਫ਼ਤੇ ਪਹਿਲਾਂ ਵਟਸਐਪ ਗਰੁਪ ਰਾਹੀਂ ਮਿਲਿਆ ਸੀ। ਇਹ ਗਰੁੱਪ ਉਸ ਦੇ ਦੋਸਤਾਂ ਨੇ ਬਣਾਇਆ ਸੀ। ਉਨ੍ਹਾਂ ਦਸਿਆ ਕਿ ਜਦ ਉਹ ਛੁੱਟੀਆਂ ਤੇ ਨੇਰਵੀ ਸਥਿਤ ਅਪਣੇ ਘਰ ਆਇਆ ਤਾਂ ਉਸ ਨੇ ਇਹ ਖੇਡ ਖੇਡਣੀ ਸ਼ੁਰੂ ਕੀਤੀ। ਇਸ ਖੇਡ ਦਾ ਉਸ ਨੂੰ ਏਨਾ ਜ਼ਿਆਦਾ ਨਸ਼ਾ ਹੋ ਗਿਆ ਕਿ ਉਹ ਚੇਨਈ ਵਿਚ ਵਾਪਸ ਮੁੜ ਕੰਮ 'ਤੇ ਨਹੀਂ ਗਿਆ। ਉਨ੍ਹਾਂ ਦਸਿਆ ਕਿ ਇਸ ਖੇਡ ਦੇ ਸੰਚਾਲਕ ਵਲੋਂ ਦਿਤਾ ਗਿਆ ਕੰਮ ਰੋਜ਼ਾਨਾ ਰਾਤ ਦੇ ਦੋ ਵਜੇ ਤੋਂ ਪਹਿਲਾਂ ਹੀ ਪੂਰਾ ਕਰਨਾ ਪੈਂਦਾ ਹੈ। ਖੇਡ ਦੇ ਸ਼ੁਰੂਆਤੀ ਦਿਨਾਂ ਵਿਚ ਗੇਮ ਦੇ ਸੰਚਾਲਕ ਨੂੰ ਅਪਣਾ ਵੇਰਵਾ ਅਤੇ ਤਸਵੀਰਾਂ ਭੇਜਣੀਆਂ ਪੈਂਦੀਆਂ ਹਨ।

  ਉਸ ਨੇ ਦਸਿਆ ਕਿ ਕੁੱਝ ਦਿਨ ਪਹਿਲਾਂ ਉਸ ਨੂੰ ਅੱਧੀ ਰਾਤ ਨੂੰ ਕਬਰਸਤਾਨ ਜਾਣ ਦਾ ਕੰਮ ਸੌਂਪਿਆ ਗਿਆ। ਇਸ ਨੂੰ 50 ਕੰਮਾਂ ਦੀ ਖੇਡ ਵਿਚ ਸੱਭ ਤੋਂ ਖ਼ਤਰਨਾਕ ਕੰਮ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਪੂਰਾ ਕਰਨ ਲਈ ਉਹ ਅੱਧੀ ਰਾਤ ਨੂੰ ਕਬਰਸਤਾਨ ਗਿਆ ਅਤੇ ਸੈਲਫ਼ੀ ਲੈ ਕੇ ਆਨਲਾਈਨ ਪੋਸਟ ਕੀਤੀ। ਖੇਡ ਦੌਰਾਨ ਉਹ ਰਾਤ ਨੂੰ ਇਕੱਲਿਆਂ ਡਰਾਉਣੀ ਫ਼ਿਲਮ ਵੇਖਦਾ ਸੀ ਤਾਕਿ ਉਸ ਦਾ ਡਰ ਦੂਰ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਗੇਮ ਦੌਰਾਨ ਉਹ ਅਪਣੇ ਪ੍ਰਵਾਰਕ ਜੀਆਂ ਤੋਂ ਵੀ ਦੂਰ ਰਹਿਣ ਲੱਗ ਪਿਆ ਅਤੇ ਖ਼ੁਦ ਨੂੰ ਅਪਣੇ ਕਮਰੇ ਵਿਚ ਬੰਦ ਕਰ ਲਿਆ।  ਜ਼ਿਕਰਯੋਗ ਹੈ ਕਿ ਲਗਭਗ ਤਿੰਨ ਸਾਲ ਪਹਿਲਾਂ ਰੂਸ ਤੋਂ ਇਹ ਖੇਡ ਸ਼ੁਰੂ ਹੋਈ ਸੀ ਅਤੇ ਹੁਣ ਤਕ ਇਸ ਖੇਡ ਕਾਰਨ ਸਾਰੀ ਦੁਨੀਆਂ 'ਚ 100 ਤੋਂ ਜ਼ਿਆਦਾ ਵਿਅਕਤੀ ਖ਼ੁਦਕੁਸ਼ੀ ਕਰ ਚੁੱਕੇ ਹਨ।  (ਏਜੰਸੀ)