ਬਲੂ ਵ੍ਹੇਲ ਗੇਮ: ਇਕ ਵਾਰ ਦਾਖ਼ਲ ਹੋਣ 'ਤੇ ਨਹੀਂ ਛੱਡੀ ਜਾ ਸਕਦੀ ਗੇਮ

ਖ਼ਬਰਾਂ, ਰਾਸ਼ਟਰੀ



ਮਦੁਰਈ, 31 ਅਗੱਸਤ: 'ਬਲੂ ਵ੍ਹੇਲ ਗੇਮ, ਗੇਮ ਨਾ ਹੋ ਕੇ ਇਕ ਬਹੁਤ ਵੱਡਾ ਖ਼ਤਰਾ ਹੈ। ਇਕ ਵਾਰ ਇਸ ਗੇਮ ਵਿਚ ਦਾਖ਼ਲ ਹੋਣ ਤੋਂ ਬਾਅਦ ਤੁਸੀਂ ਇਸ ਨੂੰ ਛੱਡ ਨਹੀਂ ਸਕਦੇ।' ਇਹ ਉਸ ਨੌਜਵਾਨ ਵਿਦਿਆਰਥੀ ਨੇ ਅਪਣੇ ਖ਼ੁਦਕੁਸ਼ੀ ਨੋਟ ਵਿਚ ਲਿਖਿਆ ਹੈ ਜਿਸ ਨੇ ਬਲੂ ਵ੍ਹੇਲ ਗੇਮ ਦੌਰਾਨ ਖ਼ੁਦਕੁਸ਼ੀ ਕਰ ਲਈ। ਮਦੁਰਈ ਦੇ ਇਕ ਕਾਲਜ ਵਿਚ ਪੜ੍ਹਨ ਵਾਲੇ 19 ਸਾਲਾ ਵਿਦਿਆਰਥੀ ਵਿਗਨੇਸ਼ ਨੇ ਬਲੂ ਵ੍ਹੇਲ ਗੇਮ ਦੌਰਾਨ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਵੇਲੇ ਇਹ ਨੌਜਵਾਨ ਘਰ ਵਿਚ ਇਕੱਲਾ ਹੀ ਸੀ।
ਪੁਲਿਸ ਨੇ ਦਸਿਆ ਕਿ ਵਿਗਨੇਸ਼ ਦੀ ਖੱਬੀ ਬਾਂਹ 'ਤੇ ਵ੍ਹੇਲ ਦੀ ਫ਼ੋਟੋ ਬਣੀ ਹੋਈ ਜਿਸ ਤੋਂ ਇਹ ਪਤਾ ਲਗਦਾ ਹੈ ਕਿ ਉਹ ਬਲੂ ਵ੍ਹੇਲ ਗੇਮ ਖੇਡਦਾ ਸੀ। ਵਿਗਨੇਸ਼ ਬੀ.ਕਾਮ ਦੂਜੇ ਸਾਲ ਦੇ ਵਿਦਿਆਰਥੀ ਸੀ। ਵਿਗਨੇਸ਼ ਦੇ ਦੋਸਤਾਂ ਨੇ ਪੁਲਿਸ ਨੂੰ ਦਸਿਆ ਕਿ ਉਹ ਫ਼ੋਨ 'ਤੇ ਪਹਿਲਾਂ ਨਾਲੋਂ ਜ਼ਿਆਦਾ ਸਮਾਂ ਬਤੀਤ ਕਰਦਾ ਸੀ, ਇਸ ਦਾ ਇਕੋ ਕਾਰਨ ਹੈ ਕਿ ਉਹ ਬਲੂ ਵ੍ਹੇਲ ਗੇਮ ਖੇਡਣ ਵਿਚ ਕਾਫ਼ੀ ਰੁਝਿਆ ਹੋਇਆ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਚੇਨਈ ਪੁਲਿਸ ਨੇ ਬਲੂ ਵ੍ਹੇਲ ਗੇਮ ਨੂੰ ਲੈ ਕੇ ਲੋਕਾਂ ਵਿਚ ਹਦਾਇਤਾਂ ਜਾਰੀ ਕੀਤੀਆਂ ਸਨ। ਤਾਮਿਲਨਾਡੂ ਵਿਚ ਬਲੂ ਵ੍ਹੇਲ ਕਾਰਨ ਇਹ ਪਹਿਲੀ ਮੌਤ ਹੈ। ਪਿਛਲੇ ਤਿੰਨ ਮਹੀਨਿਆਂ ਵਿਚ ਮੁੰਬਈ, ਉਤਰ ਪ੍ਰਦੇਸ਼ ਅਤੇ ਕੇਰਲਾ ਤੋਂ ਇਕ-ਇਕ ਵਿਦਿਆਰਥੀ ਦੀ ਮੌਤ ਹੋ ਚੁੱਕੀ ਹੈ।  (ਏਜੰਸੀ)