'ਬਨਾਉਟੀ ਸਮਾਜਵਾਦੀਆਂ' ਤੋਂ ਸਾਵਧਾਨ ਰਹਿਣਾ ਹੈ : ਅਖਿਲੇਸ਼

ਖ਼ਬਰਾਂ, ਰਾਸ਼ਟਰੀ




ਲਖਨਊ, 23 ਸਤੰਬਰ : ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਪਾਰਟੀ ਕਾਰਕੁਨਾਂ ਨੂੰ ਕਿਹਾ ਕਿ ਉਹ 'ਬਨਾਉਟੀ ਸਮਾਜਵਾਦੀਆਂ' ਤੋਂ ਸਾਵਧਾਨ ਰਹਿਣ। ਉਨ੍ਹਾਂ ਕਿਹਾ ਕਿ ਪਿਤਾ ਮੁਲਾਇਮ ਸਿੰਘ ਯਾਦਵ ਦਾ ਆਸ਼ੀਰਵਾਦ ਉਨ੍ਹਾਂ ਦੇ ਸਿਰ 'ਤੇ ਰਹੇਗਾ ਅਤੇ ਉਹ ਉਨ੍ਹਾਂ ਦੇ ਅੰਦੋਲਨ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਣਗੇ।
ਅਖਿਲੇਸ਼ ਨੇ ਸਮਾਜਵਾਦੀ ਪਾਰਟੀ ਦੇ ਅਠਵੇਂ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, 'ਕਈ ਵਾਰ ਲੋਕ ਸਵਾਲ ਕਰਦੇ ਹਨ। ਮੈਂ ਉਨ੍ਹਾਂ ਨੂੰ ਪੁਛਣਾ ਚਾਹੁੰਦਾ ਹਾਂ ਕਿ ਨੇਤਾਜੀ ਸਾਡੇ ਪਿਤਾ ਤਾਂ ਰਹਿਣਗੇ ਹੀ, ਉਨ੍ਹਾਂ ਦਾ ਆਸ਼ੀਰਵਾਦ ਵੀ ਰਹੇਗਾ। ਇੰਜ ਅਸੀਂ ਸਮਾਜਵਾਦੀ ਅੰਦੋਲਨ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਵਾਂਗੇ।'

ਸਾਬਕਾ ਮੁੱਖ ਮੰਤਰੀ ਨੇ ਸ਼ਿਵਪਾਲ ਯਾਦਵ ਦੇ ਧੜੇ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, 'ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਬਨਾਉਟੀ ਸਮਾਜਵਾਦੀਆਂ ਤੋਂ ਸਾਵਧਾਨ ਰਹਿਣਾ ਹੈ। ਮੈਂ ਨਕਲੀ ਸਮਾਜਵਾਦੀਆਂ ਲਈ ਕਹਿਣਾ ਚਾਹਾਂਗਾ ਕਿ ਉਨ੍ਹਾਂ ਨੇ ਕਈ ਕੋਸ਼ਿਸ਼ਾਂ ਅਤੇ ਸਾਜ਼ਸ਼ਾਂ ਕੀਤੀਆਂ ਕਿ ਸਮਾਜਵਾਦੀ ਅੰਦੋਲਨ ਰੁਕ ਜਾਵੇ। ਉਹ ਇਕ ਸਾਜ਼ਸ਼ ਵਿਚ ਤਾਂ ਕਾਮਯਾਬ ਹੋ ਗਏ ਕਿ ਅਸੀਂ ਸੱਤਾ ਵਿਚ ਦੁਬਾਰਾ ਨਹੀਂ ਆਏ ਪਰ ਹੁਣ ਸਾਰੇ ਸਮਾਜਵਾਦੀਆਂ ਦੀ ਅੱਖ ਖੁਲ੍ਹ ਗਈ ਹੈ ਅਤੇ ਹੁਣ ਉਹ ਭਵਿੱਖ ਵਿਚ ਕਿਸੇ ਵੀ ਸਾਜ਼ਸ਼ ਵਿਚ ਕਾਮਯਾਬ ਨਹੀਂ ਹੋ ਸਕਦੇ।'

ਅਖਿਲੇਸ਼ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦ ਮੁਲਾਇਮ ਸਿੰਘ ਯਾਦਵ ਕਹਿ ਚੁਕੇ ਹਨ ਕਿ ਦੁਬਾਰਾ ਨਵੀਂ ਪਾਰਟੀ ਬਣਾਉਣ ਦੀ ਲੋੜ ਹੈ। ਸਮਾਗਮ ਵਿਚ ਮੁਲਾਇਮ ਸਿੰਘ ਅਤੇ ਸ਼ਿਵਪਾਲ ਯਾਦਵ ਮੌਜੂਦ ਨਹੀਂ ਸਨ।     (ਏਜੰਸੀ)