ਬਨਾਰਸ ਹਿੰਦੂ ਯੂਨੀਵਰਸਟੀ 'ਚ ਹੋਈ ਹਿੰਸਾ ਦੀ ਜਾਂਚ ਦੇ ਹੁਕਮ

ਖ਼ਬਰਾਂ, ਰਾਸ਼ਟਰੀ



ਲਖਨਊ, 26 ਸਤੰਬਰ: ਬਨਾਰਸ ਹਿੰਦੂ ਯੂਨੀਵਰਸਟੀ 'ਚ ਪਿਛਲੇ ਹਫ਼ਤੇ ਭੜਕੀ ਹਿੰਸਾ ਦੇ ਮਾਮਲੇ 'ਚ ਜਾਂਚ ਦਾ ਹੁਕਮ ਦਿਤਾ ਗਿਆ ਹੈ। ਯੂਨੀਵਰਸਟੀ ਦੇ ਵਾਇਸ ਚਾਂਸਲਰ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਇਹ ਗੱਲ ਕਹੀ।

ਬੀ.ਐਚ.ਯੂ. ਕੈਂਪਸ 'ਚ ਇਕ ਵਿਦਿਆਰਥਣ ਨਾਲ ਛੇੜਛਾੜ ਦੀ ਸ਼ਿਕਾਇਤ ਮਗਰੋਂ ਹੋਈ ਵਿਰੋਧ ਪ੍ਰਦਰਸ਼ਨ ਦੌਰਾਨ ਯੂਨੀਵਰਸਟੀ ਕੈਂਪਸ ਅੰਦਰ ਪੁਲਿਸ ਦੇ ਲਾਠੀਚਾਰਜ 'ਚ ਵੱਡੀ ਗਿਣਤੀ 'ਚ ਵਿਦਿਆਰਥੀ-ਵਿਦਿਆਰਥਣਾਂ ਅਤੇ ਦੋ ਪੱਤਰਕਾਰ ਜ਼ਖ਼ਮੀ ਹੋ ਗਏ ਸਨ।

ਬੀ.ਐਚ.ਯੂ. ਦੇ ਵਾਇਸ ਚਾਂਸਲਰ ਗਿਰੀਸ਼ ਚੰਦਰ ਤ੍ਰਿਪਾਠੀ ਨੇ ਕਿਹਾ ਕਿ ਉਨ੍ਰਾਂ ਨੇ ਹਾਈ ਕੋਰਟ ਦੇ ਇਕ ਸੇਵਾਮੁਕਤ ਜੱਜ ਦੀ ਅਗਵਾਈ 'ਚ ਜਾਂਚ ਦਾ ਹੁਕਮ ਦਿਤਾ ਹੈ ਜਦਕਿ ਸੂਬਾ ਸਰਕਾਰ ਦੇ ਬੁਲਾਰੇ ਅਤੇ ਸੂਬੇ ਦੇ ਮੰਤਰੀ ਸ੍ਰੀਕਾਂਤ ਸ਼ਰਮਾ ਨੇ ਕਿਹਾ ਕਿ ਇਹ ਮੈਜਿਸਟ੍ਰੇਟੀ ਜਾਂਚ ਹੋਵੇਗੀ। ਅਜੇ ਇਹ ਸਪੱਸਟ ਨਹੀਂ ਹੈ ਕਿ ਇਹ ਇਕ ਹੀ ਜਾਂਚ ਹੋਵੇਗੀ ਜਾਂ ਦੋ ਜਾਂਚਾਂ ਚਲਣਗੀਆਂ।

ਸ਼ਰਮਾ ਨੇ ਇਹ ਵੀ ਕਿਹਾ ਸੀ ਕਿ ਸਰਕਾਰ ਨੇ ਅਪਣੇ ਵਲੋਂ ਵਾਰਾਣਸੀ ਦੇ ਕਮਿਸ਼ਨਰ ਅਤੇ ਵਧੀਕ ਪੁਲਿਸ ਡਾਇਰੈਕਟਰ ਜਨਰਲ ਵਲੋਂ ਵਖਰੀ ਜਾਂਚ ਦਾ ਵੀ ਹੁਕਮ ਦਿਤਾ ਹੈ।

ਯੂਨੀਵਰਸਟੀ ਦੀ ਕਾਰਜਕਾਰੀ ਕੌਂਸਲ ਦੀ ਬੈਠਕ 'ਚ ਹਿੱਸਾ ਲੈਣ ਅੱਜ ਕੌਮੀ ਰਾਜਧਾਨੀ ਆਏ ਤ੍ਰਿਪਾਠੀ ਨੇ ਕਿਹਾ ਕਿ ਹਿੰਸਾ ਅਫ਼ਵਾਹਾਂ ਅਤੇ ਬਾਹਰੀ ਲੋਕਾਂ ਕਰ ਕੇ ਫੈਲੀ। ਉਨ੍ਹਾਂ ਦਾਅਵਾ ਕੀਤਾ ਕਿ ਕੌਂਸਲ ਦੀ ਬੈਠਕ ਕਾਫ਼ੀ ਸਮਾਂ ਪਹਿਲਾਂ ਤੋਂ ਨਿਰਧਾਰਤ ਸੀ ਅਤੇ ਇਸ ਦੇ ਏਜੰਡੇ 'ਚ ਹਿੰਸਾ ਦਾ ਵਿਸ਼ਾ ਨਹੀਂ ਰਿਹਾ। ਤ੍ਰਿਪਾਠੀ ਨੇ ਬੀ.ਐਚ.ਯੂ. 'ਚ ਲਿੰਗਕ ਵਿਤਕਰੇ ਦੇ ਦੋਸ਼ਾਂ ਨੂੰ ਵੀ ਖਾਰਜ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਸੋਚ ਜ਼ਰੂਰ ਬਣ ਗਈ ਹੋ ਸਕਦੀ ਹੈ ਕਿਉਂਕਿ ਅਧਿਕਾਰੀ ਮਰਦਾਂ ਤੋਂ ਜ਼ਿਆਦਾ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਫ਼ੁਟੇਜ ਹਨ ਜਿਨ੍ਹਾਂ 'ਚ ਵਿਰੋਧ ਪ੍ਰਦਰਸ਼ਨ 'ਚ ਸਾਫ਼ ਤੌਰ ਤੇ ਬਾਹਰੀ ਲੋਕਾਂ ਨੂੰ ਵੇਖਿਆ ਜਾ ਸਕਦਾ ਹੈ। ਅਫ਼ਵਾਹਾਂ ਕਰ ਕੇ ਪ੍ਰਦਰਸ਼ਨ ਤੇਜ਼ ਹੋ ਗਏ। ਇਸ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ ਗਈਆਂ ਕਿ ਕੁੜੀਆਂ ਨੂੰ ਹੋਸਟਲ ਛੱਡਣ ਲਈ ਕਹਿ ਦਿਤਾ ਗਿਆ ਹੈ। ਮਾਮਲਾ ਇਕ ਵਿਦਿਆਰਥਣ ਦੀ ਸ਼ਿਕਾਇਤ ਤੋਂ ਸ਼ੁਰੂ ਹੋਇਆ ਜਿਸ ਨੇ ਦੋਸ਼ ਲਾਇਆ ਸੀ ਕਿ ਜਦੋਂ ਉਹ ਕੈਂਪਸ ਅੰਦਰ ਹੀ ਅਪਣੇ ਹੋਸਟਲ ਵਲ ਪਰਤ ਰਹੀ ਸੀ ਤਾਂ ਮੋਟਰਸਾਈਕਲ ਉਤੇ ਸਵਾਰ ਤਿੰਨ ਵਿਅਕਤੀਆਂ ਨੇ ਉਸ ਨਾਲ ਛੇੜਖਾਨੀ ਕੀਤੀ ਸੀ।
ਵੀਰਵਾਰ ਨੂੰ ਵਾਪਰੀ ਇਸ ਘਟਨਾ ਵਿਰੁਧ ਕੁੱਝ ਵਿਦਿਆਰਥੀ-ਵਿਦਿਆਰਥਾਂ ਨੇ ਪ੍ਰਦਰਸ਼ਨ ਕੀਤਾ। ਕੁੱਝ ਵਿਦਿਆਰਥੀਆਂ ਨੇ ਵਾਇਸ ਚਾਂਸਲਰ ਨੂੰ ਉਨ੍ਹਾਂ ਦੇ ਘਰ 'ਚ ਮਿਲਣ ਦੀ ਕੋਸ਼ਿਸ ਕੀਤੀ ਜਿਸ ਤੋਂ ਬਾਅਦ ਹਿੰਸਾ ਫੈਲ ਗਈ। ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਉਨ੍ਹਾਂ ਵਿਰੋਧੀ ਪਾਰਟੀਆਂ ਉਤੇ ਅਕਾਦਮਿਕ ਮਾਹੌਲ ਵਿਗਾੜਨ ਦੀ ਕੋਸ਼ਿਸ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਥਾਨਕ ਪ੍ਰਸ਼ਾਸਨ ਨੂੰ ਕੈਂਪਸ 'ਚ ਸੁਰੱਖਿਆ ਹੋਰ ਮਜ਼ਬੂਤ ਕਰਨ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਕੈਂਪਸ 'ਚ ਸੀ.ਸੀ.ਟੀ.ਵੀ. ਕੈਮਰੇ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਇਸ ਦੌਰਾਨ ਕਾਂਗਰਸ ਨੇ ਬੀ.ਐਚ.ਯੂ. ਸਮੇਤ ਦੇਸ਼ ਦੀਆਂ ਵਿਦਿਅਕ ਸੰਸਥਾਵਾਂ ਦਾ ਆਰ.ਐਸ.ਐਸ.-ਕਰਨ ਕਰਨ ਦਾ ਦੋਸ਼ ਲਾਉਂਦਿਆਂ ਅੱਜ ਮੰਗ ਕੀਤੀ ਕਿ ਬੀ.ਐਚ.ਯੂ. ਮਾਮਲੇ ਦੀ ਜਾਂਚ ਲਈ ਉਥੇ ਇਕ ਸਰਬਪਾਰਟੀ ਸੰਸਦੀ ਵਫ਼ਦ ਭੇਜਿਆ ਜਾਣਾ ਚਾਹੀਦਾ ਹੈ ਅਤੇ ਬਨਾਰਸ ਹਿੰਦੂ ਯੂਨੀਵਰਸਟੀ ਦੇ ਵਾਇਸ ਚਾਂਸਲਰ ਨੂੰ ਸਥਾਈ ਤੌਰ ਤੇ ਛੁੱਟੀ ਉਤੇ ਭੇਜ ਦਿਤਾ ਜਾਣਾ ਚਾਹੀਦਾ ਹੈ। ਉੱਤਰ ਪ੍ਰਦੇਸ਼ ਦੇ ਕਾਂਗਰਸ ਮੁਖੀ ਰਾਜ ਬੱਬਰ ਨੇ ਕਿਹਾ ਕਿ ਇਹ ਮਾਮਲਾ ਕੇਂਦਰ ਦਾ ਹੈ ਸੂਬੇ ਦਾ ਨਹੀਂ।  (ਪੀਟੀਆਈ)