ਬਰਫ਼ੀਲੇ ਤੂਫ਼ਾਨ ਵਿਚ ਪੰਜ ਫ਼ੌਜੀ ਲਾਪਤਾ

ਖ਼ਬਰਾਂ, ਰਾਸ਼ਟਰੀ

ਸ੍ਰੀਨਗਰ, 12 ਦਸੰਬਰ: ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿਚ ਗੁਰੇਜ਼ ਸੈਕਟਰ ਵਿਚ ਫ਼ੌਜੀਆਂ ਦੇ ਨਾਕੇ ਨਾਲ ਬਰਫ਼ ਦਾ ਤੋਦਾ ਟਕਰਾ ਗਿਆ ਜਿਸ ਕਾਰਨ ਪੰਜ ਫ਼ੌਜੀ ਲਾਪਤਾ ਹੋ ਗਏ। ਪੁਲਿਸ ਨੇ ਕਿਹਾ ਕਿ ਗੁਰੇਜ਼ ਸੈਕਟਰ ਵਿਚ ਲਾਈਨ ਆਫ਼ ਕੰਟਰੋਲ ਨੇੜੇ ਬੀਤੀ ਰਾਤ ਫ਼ੌਜੀ ਨਾਕੇ ਨਾਲ ਬਰਫ਼ ਦਾ ਤੋਦਾ ਟਕਰਾ ਗਿਆ। ਇਸ ਘਟਨਾ ਤੋਂ ਬਾਅਦ ਤਿੰਨ ਫ਼ੌਜੀ ਲਾਪਤਾ ਹੋ ਗਏ। ਇਸੇ ਤਰ੍ਹਾਂ ਨੌਗਾਮ ਖੇਤਰ ਵਿਚ ਤੋਦਾ ਡਿੱਗਣ ਕਾਰਨ ਦੋ ਫ਼ੌਜੀ ਲਾਪਤਾ ਹੋ ਗਏ। 

ਲਾਪਤਾ ਹੋਏ ਫ਼ੌਜੀਆਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਭਾਰੀ ਬਰਫ਼ਬਾਰੀ ਹੋਣ ਕਾਰਨ ਭਾਲ ਮੁਹਿੰਮ ਵਿਚ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ। ਇਸ ਦੌਰਾਨ ਫ਼ੌਜ ਲਈ ਭਾਰ ਢੋਣ ਵਾਲੇ ਇਕ ਵਿਅਕਤੀ ਦੀ ਪਹਾੜ ਤੋਂ ਡਿੱਗ ਕੇ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਮਹੀਨੇ ਵਿਚ ਕੁਪਵਾੜਾ, ਬਾਂਦੀਪੋਰਾ, ਬਾਰਾਮੂਲਾ, ਗੰਦੇਰਬਾਲ, ਕੁਲਗਾਮ, ਕਾਰਗਿਲ ਵਿਚ ਤੋਦਿਆਂ ਸਬੰਧੀ ਹਾਈ ਅਲਰਟ ਜਾਰੀ ਕੀਤਾ ਗਿਆ ਸੀ ਅਤੇ ਜਨਵਰੀ ਦੇ ਆਖ਼ਰੀ ਹਫ਼ਤੇ ਵਿਚ ਬਰਫ਼ ਦੇ ਕਈ ਤੋਦੇ ਡਿੱਗੇ ਸਨ ਜਿਸ ਕਾਰਨ 15 ਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜਵਾਨ ਲਾਪਤਾ ਹੋ ਗਏ ਸਨ। ਇਸ ਦੌਰਾਨ ਛੇ ਨਾਗਰਿਕਾਂ ਦੀ ਵੀ ਮੌਤ ਹੋ ਗਈ ਸੀ।            (ਪੀ.ਟੀ.ਆਈ.)