ਨਵੀਂ ਦਿੱਲੀ, 23 ਅਕਤੂਬਰ (ਸੁਖਰਾਜ ਸਿੰਘ): ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵਲੋਂ ਕੌਮੀ ਰਾਜਧਾਨੀ ਦਿੱਲੀ ਦੇ ਇਕ ਪੁੱਲ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ 'ਤੇ ਰੱਖਣ ਦੇ ਕੀਤੇ ਵਾਅਦੇ ਨੂੰ ਪੂਰਾ ਕਰਨ ਵਿਚ ਅਸਫ਼ਲ ਰਹਿਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਵਿਧਾਇਕ ਸ. ਮਨਜਿੰਦਰ ਸਿੰਘ ਸਿਰਸਾ ਤੇ ਉਨ੍ਹਾਂ ਦੀ ਟੀਮ ਵਲੋਂ ਅੱਜ ਦਿੱਲੀ ਦੇ ਬਾਰਾਪੂਲਾ ਫਲਾਈਓਵਰ 'ਤੇ ਇਸ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ 'ਤੇ ਰੱਖਣ ਲਈ ਬੋਰਡ ਲਗਾ ਦਿਤੇ ਗਏ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸਿਰਸਾ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਝੂਠ ਬੋਲਣ ਦੀ ਆਦਤ ਤੋਂ ਮਜਬੂਰ ਹਨ ਜੋ ਅਕਸਰ ਚੋਣਾ ਖਤਮ ਹੁੰਦਿਆਂ ਸਾਰ ਹੀ ਆਪਣੇ ਚੋਣ ਵਾਅਦੇ ਭੁੱਲ ਜਾਂਦੇ ਹਨ।ਉਨ੍ਹਾਂ ਕਿਹਾ ਕਿ ਬਾਰਾਪੂਲਾ ਫਲਾਈਓਵਰ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੀ 300ਵੀਂ ਸ਼ਹਾਦਰ ਵਰ੍ਹੇ ਗੰਢ ਮੌਕੇ ਉਨ੍ਹਾਂ ਦੇ ਨਾਮ 'ਤੇ ਰੱਖਣ ਦਾ ਵਾਅਦਾ ਕਰ ਕੇ ਸ੍ਰੀ ਕੇਜਰੀਵਾਲ ਆਪਣਾ ਵਾਅਦਾ ਭੁੱਲ ਗਏ। ਉਨ੍ਹਾਂ ਕਿਹਾ ਕਿ ਉਹ (ਕੇਜਰੀਵਾਲ) ਨੇ ਅਜਿਹਾ ਕਰ ਕੇ ਭਾਰਤ ਦੇ ਰਾਸ਼ਟਰੀ ਹੀਰੋ ਦਾ ਅਪਮਾਨ ਕੀਤਾ ਹੈ ਜਦਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਖੁਦ ਆਖਿਆ ਸੀ
ਕਿ ਭਾਰਤ ਦੀ ਹੋਂਦ ਬਾਬਾ ਬੰਦਾ ਸਿੰਘ ਬਹਾਦਰ ਦੀ ਬਦੌਲਤ ਹੈ ਤੇ ਉਹ ਇਸ ਮਹਾਨ ਸਖ਼ਸੀਅਤ ਨੂੰ ਸਿਜਦਾ ਕਰਦੇ ਹਨ। ਸ. ਸਿਰਸਾ ਨੇ ਕਿਹਾ ਕਿ ਲੋਕ ਚਾਹੁੰਦੇ ਸਨ ਕਿ ਸ੍ਰੀ ਕੇਜਰੀਵਾਲ ਦੇ ਐਲਾਨ ਅਨੁਸਾਰ ਪੁਲ ਦਾ ਨਾਮ ਰੱਖਿਆ ਜਾਵੇ ਤੇ ਉਨ੍ਹਾਂ ਨੇ ਕਈ ਵਾਰ ਉਨ੍ਹਾਂ ਨੂੰ ਪੱਤਰ ਵੀ ਲਿਖੇ ਤੇ ਪੀ.ਡਬਲਿਊ.ਡੀ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਪੁੱਲ 'ਤੇ ਬੋਰਡ ਲਗਾਏ ਜਾਣ ਪਰ ਅਜਿਹਾ ਜਾਪਦਾ ਸੀ ਕਿ ਕੇਜਰੀਵਾਲ ਨੇ ਮਨ ਬਣਾ ਲਿਆ ਸੀ ਕਿ ਪੁੱਲ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ 'ਤੇ ਨਹੀਂ ਰੱਖਣ ਦੇਣਾ, ਇਸੇ ਲਈ ਅਧਿਕਾਰੀਆਂ ਨੇ ਵੀ ਕਾਰਵਾਈ ਨਹੀਂ ਕੀਤੀ। ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਉਨ੍ਹਾਂ ਨੇ ਪੁਲ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ 'ਤੇ ਰੱਖਣ ਦੇ ਬੋਰਡ ਲਗਾ ਦਿੱਤੇ ਹਨ ਅਤੇ ਇਸ ਮਗਰੋਂ ਇਹ ਪੁੱਲ ਬਾਬਾ ਬੰਦਾ ਸਿੰਘ ਬਹਾਦਰ ਪੁੱਲ ਦੇ ਨਾਮ 'ਤੇ ਜਾਣਿਆ ਜਾਵੇਗਾ। ਉਨ੍ਹਾਂ ਨੇ ਆਪ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਮੌਜੂਦਾ ਸਥਿਤੀ ਵਿਚ ਕੋਈ ਵੀ ਤਬਦੀਲੀ ਕਰਨ ਤੋਂ ਗੁਰੇਜ਼ ਕਰੇ ਨਹੀਂ ਤਾਂ ਲੋਕ 'ਝੂਠੇ ਵਾਅਦਿਆਂ' ਵਾਲੀ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣਗੇ।