ਬੇਰਹਿਮ ਨਹੀਂ ਹੋ ਸਕਦੀ ਪੁਲਿਸ: ਰਾਜਨਾਥ

ਖ਼ਬਰਾਂ, ਰਾਸ਼ਟਰੀ

ਮੇਰਠ, 7 ਅਕਤੂਬਰ: ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 21ਵੀਂ ਸਦੀ ਦੀ ਪੁਲਿਸ ਬੇਰਹਿਮ ਨਹੀਂ ਹੋ ਸਕਦੀ ਅਤੇ ਪੁਲਿਸ ਨੂੰ ਸਭਿਅਕ ਹੋਣਾ ਪਵੇਗਾ। ਰੈਪਿਡ ਐਕਸ਼ਨ ਫ਼ੋਰਸ (ਆਰਏਐਫ਼) ਦੀ ਸਿਲਵਰ ਜੁਬਲੀ ਮੌਕੇ ਕਰਵਾਏ ਗਏ ਇਕ ਸਮਾਗਮ ਵਿਚ ਜਵਾਨਾਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਦੰਗਿਆਂ ਅਤੇ ਪ੍ਰਦਰਸ਼ਨਾਂ ਮੌਕੇ ਪੈਦਾ ਹੋਈਆਂ ਚੁਨੌਤੀ ਵਾਲੀ ਸਥਿਤੀਆਂ ਦਾ ਸਾਮਹਣਾ ਸਹਿਨਸ਼ੀਲਤਾ ਨਾਲ ਕਰਨਾ ਚਾਹੀਦਾ ਹੈ। ਉਨ੍ਹਾਂ ਕੇਂਦਰ ਅਤੇ ਸੂਬਿਆਂ ਦੀ ਪੁਲਿਸ ਨੂੰ ਕਿਹਾ ਕਿ ਪ੍ਰਦਰਸ਼ਨਾਂ ਦੌਰਾਨ ਭੀੜ ਦਾ ਧਿਆਨ ਵੰਡਾਉਣ ਲਈ ਨਵੀਆਂ ਤਕਨੀਕਾਂ ਅਪਣਾਈਆਂ ਜਾਣ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਉਹ ਅਜਿਹੀਆਂ ਘਟਨਾਵਾਂ ਨੂੰ ਮਜ਼ਬੂਤੀ ਨਾਲ ਰੋਕਣ ਜਿਨ੍ਹਾਂ ਕਾਰਨ ਦੇਸ਼ ਵਿਚ ਅਸ਼ਾਂਤੀ ਅਤੇ ਗੜਬੜੀ ਵਾਲਾ ਮਾਹੌਲ ਪੈਦਾ ਹੁੰਦਾ ਹੋਵੇ। ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਕਈ ਮੌਕਿਆਂ 'ਤੇ ਪੁਲਿਸ ਨੂੰ ਸਖ਼ਤ ਰਵਈਆ ਅਪਣਾਉਣਾ ਪੈਂਦਾ ਹੈ ਪਰ ਅਜਿਹੀ ਸਥਿਤੀ ਵਿਚ ਵੀ ਪੁਲਿਸ ਨੂੰ ਸਹਿਨਸ਼ੀਲਤਾ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਬਿਊਰੋ ਆਫ਼ ਪੁਲਿਸ ਰੀਸਰਚ ਐਂਡ ਡਿਵਲੈਪਮੈਂਟ ਨੂੰ ਕਿ ਉਹ ਘੱਟ ਸਖ਼ਤੀ ਕਰਨ ਦੇ ਰਾਹ ਦੀ ਭਾਲ ਕਰਨ ਤਾਕਿ ਸ਼ਾਂਤੀ ਬਣੀ ਰਹੇ।

 ਦੇਸ਼ ਦੀ ਅੰਦਰੂਨੀ ਸੁਰੱਖਿਆ ਪ੍ਰਣਾਲੀ ਦੇ ਮੁਖੀ ਨੇ ਫ਼ੋਰਸਾਂ ਨੂੰ ਘੱਟ ਤਾਕਤ ਵਰਤਣ ਅਤੇ ਜ਼ਿਆਦਾ ਨਤੀਜੇ ਹਾਸਲ ਕਰਨ ਲਈ ਕਿਹਾ ਹੈ। ਆਰਏਐਫ਼ ਦੀ ਸ਼ਲਾਘਾ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਪੰਜ ਨਵੀਆਂ ਬਟਾਲੀਨਾਂ ਅਗਲੇ ਸਾਲ ਪਹਿਲੀ ਜਨਵਰੀ ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ। ਮੌਜੂਦਾ ਸਮੇਂ ਵਿਚ ਇਥੇ 10 ਬਟਾਲੀਨਾਂ 10 ਸ਼ਹਿਰਾਂ ਵਿਚ ਕੰਮ ਕਰ ਰਹੀਆਂ ਹਨ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਸੀਆਰਪੀਐਫ਼ ਦੇ ਜਵਾਨਾਂ ਨੂੰ ਵਰਦੀਆਂ ਸਿਵਾਉਣ ਲਈ 10 ਹਜ਼ਾਰ ਰੁਪਏ ਸਾਲਾਨਾ ਭੱਤਾ ਮਿਲੇਗਾ ਅਤੇ ਹੁਣ ਜਵਾਨਾਂ ਨੂੰ ਸਿਤੀ-ਸੁਆਈ ਵਰਦੀ ਹੁਣ ਨਹੀਂ ਮਿਲੇਗੀ। ਉਹ 10 ਲੱਖ ਜਵਾਨਾਂ ਦੀ ਸਮੇਂ ਸਿਰ ਤਰੱਕੀ ਨੂੰ ਯਕੀਨੀ ਬਣਾਉਣ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਉਨ੍ਹਾਂ ਜਵਾਨਾਂ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2022 'ਨਿਊ ਇੰਡੀਆ' ਵਿਜ਼ਨ ਵਿਚ ਸਹਿਯੋਗ ਕਰਨ। ਆਰਏਐਫ਼ ਭੀੜ ਨੂੰ ਕਾਬੂ ਕਰਨ ਵਾਲੀ ਇਕਾਈ ਹੈ ਜਿਸ ਨੇ 1992 ਨੂੰ ਅੱਜ ਦੇ ਹੀ ਦਿਨ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿਤਾ ਸੀ। ਆਰਏਐਫ਼ ਹੈਦਰਾਬਾਦ, ਅਹਿਮਦਬਾਦ, ਇਲਾਹਾਬਾਦ, ਮੁੰਬਈ, ਦਿੱਲੀ, ਅਲੀਗੜ੍ਹ, ਕੋਇੰਬਟੂਰ, ਜੈਸਲਮੇਰ, ਭੋਪਾਲ ਅਤੇ ਮੇਰਠ ਵਿਚ ਕੰਮ ਕਰ ਰਹੀ ਹੈ।   (ਪੀ.ਟੀ.ਆਈ.)