ਭਾਜਪਾ ਜਿੱਤ ਕੇ ਵੀ ਬੇਹੱਦ ਪ੍ਰੇਸ਼ਾਨ, ਕਾਂਗਰਸ ਹਾਰ ਕੇ ਵੀ ਖੁਸ਼!

ਖ਼ਬਰਾਂ, ਰਾਸ਼ਟਰੀ

ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਭਾਵੇਂ ਦੋ ਤਿਹਾਈ ਸੀਟਾਂ ਜਿੱਤ ਗਈ ਹੋਵੇ ਪਰ ਭਾਜਪਾ ਨੂੰ ਇਸ ‘ਤੇ ਜ਼ਿਆਦਾ ਖੁਸ਼ੀ ਨਹੀਂ ਹੋਈ। ਇਸ ਚੋਣ ਵਿੱਚ ਭਾਜਪਾ ਦੇ ਮੁੱਖ ਮੰਤਰੀ ਦੇ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਸਣੇ ਕਈ ਵੱਡੇ ਨੇਤਾ ਹਾਰ ਗਏ ਹਨ। ਅਜਿਹੇ ਵਿੱਚ ਕਾਂਗਰਸ ਨੂੰ ਵੀ ਆਪਣੀ ਹਾਰ ਦਾ ਜ਼ਿਆਦਾ ਦੁੱਖ ਨਹੀਂ ਹੋ ਰਿਹਾ ਜਾਪਦਾ। ਕਾਂਗਰਸ ਦੇ ਲੀਡਰ ਕਹਿ ਰਹੇ ਹਨ ਕਿ ਉਨ੍ਹਾਂ ਦੀ ਜਿੱਤ ਭਾਜਪਾ ਤੋਂ ਵੱਡੀ ਹੈ।

ਕਾਂਗਰਸੀ ਲੀਡਰ ਮੁਕੇਸ਼ ਅਗਨੀਹੋਤਰੀ ਦਾ ਕਹਿਣਾ ਹੈ ਕਿ ਕਾਂਗਰਸ ਨੇ ਭਾਜਪਾ ਦੇ ਵੱਡੇ-ਵੱਡੇ ਲੀਡਰਾਂ ਨੂੰ ਲੰਮੇ ਪਾ ਦਿੱਤਾ। ਉਨ੍ਹਾਂ ਦੱਸਿਆ ਕਿ ਜਨਤਾ ਨੇ ਵਿਕਾਸ ਕਰਨ ਵਾਲੇ ਉਮੀਦਵਾਰਾਂ ਨੂੰ ਵੋਟ ਦਿੱਤੀ ਹੈ। ਸੁਜਾਨਪੁਰ ਵਿੱਚ ਰਾਜਿੰਦਰ ਰਾਣਾ ਦੀ ਜਿੱਤ ਨੇ ਭਾਜਪਾ ਨੂੰ ਜਸ਼ਨ ਮਨਾਉਣ ਦਾ ਮੌਕਾ ਹੀ ਨਹੀਂ ਦਿੱਤਾ। ਸੂਬੇ ਦੀ ਜਨਤਾ ਨੇ ਉਨ੍ਹਾਂ ਨੂੰ ਵਿਰੋਧੀ ਧਿਰ ਵਿੱਚ ਬਿਠਾਇਆ ਹੈ। ਇਸ ਨੂੰ ਅਸੀਂ ਪੂਰੀ ਤਨਦੇਹੀ ਨਾਲ ਨਿਭਾਵਾਂਗੇ।

ਸੁਜਾਨਪੁਰ ਤੋਂ ਭਾਜਪਾ ਦੇ ਮੁੱਖ ਮੰਤਰੀ ਉਮੀਦਵਾਰ ਨੂੰ ਹਰਾਉਣ ਵਾਲੇ ਕਾਂਗਰਸ ਦੇ ਰਾਜਿੰਦਰ ਰਾਣਾ ਦਾ ਕਹਿਣਾ ਹੈ ਕਿ ਉਹ ਸੁਜਾਨਪੁਰ ਦੀ ਜਨਤਾ ਦਾ ਧੰਨਵਾਦ ਕਰਨਾ ਚਾਹੁੰਦੇ ਹਨ। ਭਾਜਪਾ ਦੇ ਹੋਣ ਵਾਲੇ ਮੁੱਖ ਮੰਤਰੀ ਨੂੰ ਹਰਾਉਣ ਨਾਲ ਜ਼ਿੰਮੇਵਾਰੀ ਹਰ ਵਧ ਗਈ ਹੈ। ਇਸ ਲਈ ਉਹ ਸੁਜਾਨਪੁਰ ਦੇ ਵਿਕਾਸ ‘ਤੇ ਜ਼ਿਆਦਾ ਧਿਆਨ ਦੇਣਗੇ। ਕਾਂਗਰਸ ਨੇ ਭਾਜਪਾ ਦੇ ਗਡ਼੍ਹ ਵਿੱਚ ਸੰਨ੍ਹ ਲਾਈ ਹੈ। ਹੁਣ ਹਮੀਰਪੁਰ ਭਾਜਪਾ ਦਾ ਨਹੀਂ ਕਾਂਗਰਸ ਦਾ ਗਡ਼੍ਹ ਹੋ ਗਿਆ ਹੈ।