ਭਾਰਤ ਅਤੇ ਜਾਪਾਨ ਨੇ 15 ਸਮਝੌਤਿਆਂ ਉਤੇ ਹਸਤਾਖਰ ਕੀਤੇ

ਖ਼ਬਰਾਂ, ਰਾਸ਼ਟਰੀ




ਗਾਂਧੀਨਗਰ, 14 ਸਤੰਬਰ: ਭਾਰਤ ਅਤੇ ਜਾਪਾਨ ਨੇ ਅਪਣੀ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਆਧਾਰ ਦੇਣ ਲਈ 15 ਸਮਝੌਤਿਆਂ ਉਤੇ ਹਸਤਾਖ਼ਰ ਕੀਤੇ ਹਨ ਅਤੇ ਹਿੰਦ-ਪ੍ਰਸ਼ਾਂਤ ਖੇਤਰ 'ਚ ਸਹਿਯੋਗ ਮਜ਼ਬੂਤ ਕਰਨ ਉਤੇ ਸਹਿਮਤੀ ਪ੍ਰਗਟ ਕੀਤੀ ਹੈ ਜਿਥੇ ਚੀਨ ਅਪਣੀ ਹਮਲਾਵਰ ਸਮਰਥਾ ਵਧਾ ਰਿਹਾ ਹੈ।
ਅਪਣੇ ਵਿਸ਼ੇਸ਼ ਰਣਨੀਤਕ ਰਿਸ਼ਤਿਆਂ ਨੂੰ ਹੋਰ ਗੂੜ੍ਹਾ ਕਰਦਿਆਂ ਭਾਰਤ ਅਤੇ ਜਾਪਾਨ ਨੇ ਹਿੰਦ ਪ੍ਰਸ਼ਾਂਤ ਖੇਤਰ 'ਚ ਚੀਨ ਦੀ ਵਧਦੀ ਸਰਗਰਮੀ ਵਿਚਕਾਰ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਵਰਗੇ ਅਤਿਵਾਦੀ ਸਮੂਹਾਂ ਸਮੇਤ ਅਤਿਵਾਦ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਨੀਤੀ ਦੀ ਪੁਰਜ਼ੋਰ ਵਕਾਲਤ ਕੀਤੀ।

ਭਾਰਤ ਅਤੇ ਜਾਪਾਨ ਨੇ ਵਿਸ਼ੇਸ਼ ਰਣਨੀਤਕ, ਕੌਮਾਂਤਰੀ ਅਤੇ ਦੁਵੱਲੇ ਰਿਸ਼ਤਿਆਂ ਨੂੰ ਹੋਰ ਗੂੜ੍ਹਾ ਕਰਨ ਦਾ ਅਹਿਦ ਪ੍ਰਗਟਾਉਂਦਿਆਂ ਹਵਾਬਾਜ਼ੀ, ਕਾਰੋਬਾਰ, ਸਿਖਿਆ, ਵਿਗਿਆਨ ਅਤੇ ਤਕਨੀਕ, ਖੇਡ ਸਮੇਤ ਵੱਖੋ-ਵੱਖ ਖੇਤਰਾਂ 'ਚ 15 ਸਮਝੌਤਿਆਂ ਉਤੇ ਹਸਤਾਖ਼ਰ ਕੀਤੇ ਅਤੇ ਰਣਨੀਤਕ ਰੂਪ ਨਾਲ ਮਹੱਤਵਪੂਰਨ ਹਿੰਦ-ਪ੍ਰਸ਼ਾਂਤ ਖੇਤਰ 'ਚ ਸਹਿਯੋਗ ਨੂੰ ਮਜ਼ਬੂਤ ਬਣਾਉਣ ਉਤੇ ਸਹਿਮਤੀ ਪ੍ਰਗਟਾਈ।

ਪ੍ਰਧਾਨ ਮੰਤਰੀ ਮੋਦੀ ਅਤੇ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਮਹੱਤਵਪੂਰਨ ਦੁਵੱਲੇ, ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ਸਮੇਤ ਵੱਖੋ-ਵੱਖ ਵਿਸ਼ਿਆਂ ਉਤੇ ਵਿਆਪਕ ਚਰਚਾ ਕੀਤੀ। ਦੋਹਾਂ ਆਗੂਆਂ ਨੇ ਕਾਰੋਬਾਰ, ਸੁਰੱਖਿਆ ਅਤੇ ਗ਼ੈਰਸੈਨਿਕ ਪ੍ਰਮਾਣੂ ਊਰਜਾ ਖੇਤਰ 'ਚ ਸਹਿਯੋਗ ਨੂੰ ਹੋਰ ਡੂੰਘਾ ਬਣਾਉਣ ਬਾਰੇ ਵੀ ਚਰਚਾ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ-ਜਾਪਾਨ ਰਿਸ਼ਤੇ ਦੁਵੱਲੇ ਜਾਂ ਖੇਤਰੀ ਦ੍ਰਿਸ਼ ਤਕ ਹੀ ਸੀਮਤ ਨਹੀਂ ਬਲਕਿ ਸਾਡੇ ਵਿਚਕਾਰ ਅਹਿਮ ਕੌਮਾਂਤਰੀ ਮੁੱਦਿਆਂ ਉਤੇ ਵੀ ਕਰੀਬੀ ਸਹਿਯੋਗ ਹੈ।
ਦੋਹਾਂ ਆਗੂਆਂ ਇਸ ਗੱਲ ਉਤੇ ਜ਼ੋਰ ਦਿਤਾ ਕਿ ਖ਼ੁਦਮੁਖਤਿਆਰੀ ਅਤੇ ਕੌਮਾਂਤਰੀ ਕਾਨੂੰਨ ਦਾ ਮਾਣ ਕੀਤਾ ਜਾਣਾ ਚਾਹੀਦਾ ਹੈ ਅਤੇ ਆਪਸੀ ਮਤਭੇਦਾਂ ਨੂੰ ਗੱਲਬਾਤ ਜ਼ਰੀਏ ਹੱਲ ਕੀਤਾ ਜਾਣਾ ਚਾਹੀਦਾ ਹੈ ਜਿਥੇ ਵੱਡਾ ਜਾਂ ਛੋਟਾ ਦੇਸ਼, ਸਾਰੇ ਸਮੁੰਦਰੀ ਆਵਾਜਾਈ ਅਤੇ ਉਡਾਨ ਸਬੰਧੀ ਆਜ਼ਾਦੀ ਦਾ ਆਨੰਦ ਲੈ ਸਕਣ। ਸਾਂਝੇ ਬਿਆਨ 'ਚ ਹਾਲਾਂਕਿ ਦਖਣੀ ਚੀਨ ਸਾਗਰ ਦਾ ਜ਼ਿਕਰ ਨਹੀਂ ਕੀਤਾ ਗਿਆ ਪਿਛਲੇ ਸਾਲ ਸਾਂਝੇ ਬਿਆਨ 'ਚ ਇਸ ਦਾ ਜ਼ਿਕਰ ਕੀਤਾ ਗਿਆ ਸੀ।

ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਮਗਰੋਂ ਕਿਹਾ ਕਿ ਅਸੀ ਇਕ ਜਾਪਾਨ-ਭਾਰਤ ਨਿਵੇਸ਼ ਸਹਿਯੋਗ ਰੂਪਰੇਖਾ ਉਤੇ ਸਹਿਮਤ ਹੋਏ ਹਾਂ। ਅਸੀ ਸਾਂਝੇ ਬਿਆਨ ਉਤੇ ਵੀ ਹਸਤਾਖ਼ਰ ਕੀਤੇ ਹਨ ਜੋ ਭਾਰਤ-ਜਾਪਾਨ ਰਿਸ਼ਤਿਆਂ 'ਚ ਨਵੇਂ ਯੁਗ ਦਾ ਆਗਾਜ਼ ਕਰਦਾ ਹੈ।

ਵਿਦੇਸ਼ ਮੰਤਰਾਲਾ ਨੇ ਦਸਿਆ ਕਿ ਭਾਰਤ-ਜਾਪਾਨ ਨੇ 12ਵੇਂ ਸਾਲਾਨਾ ਸੰਮੇਲਨ ਦੌਰਾਨ ਜਿਨ੍ਹਾਂ 15 ਸਮਝੌਤਾ ਦਸਤਾਵੇਜ਼ਾਂ ਉਤੇ ਹਸਤਾਖ਼ਰ ਕੀਤੇ ਹਨ ਉਨ੍ਹਾਂ 'ਚ ਵਿਗਿਆਨ ਅਤੇ ਤਕਨੀਕ ਖੇਤਰ 'ਚ ਸਾਂਝੇ ਲੈਣ-ਦੇਣ ਦਾ ਪ੍ਰੋਗਰਾਮ ਵੀ ਸ਼ਾਮਲ ਹੈ। ਇਸ ਤਹਿਤ ਜਾਪਾਨ ਦੇ ਸੰਗਠਨ ਏ.ਆਈ.ਐਸ.ਟੀ. ਅਤੇ ਭਾਰਤ ਦੇ ਜੈਵ ਤਕਨੀਕ ਵਿਭਾਗ ਵਿਚਕਾਰ ਸਾਂਝੀ ਖੋਜ ਦਾ ਕਰਾਰ ਹੋਇਆ ਹੈ। ਇਸ ਤੋਂ ਇਲਾਵਾ ਜੈਵ ਤਕਨੀਕ ਵਿਭਾਗ ਅਤੇ ਰਾਸ਼ਟਰੀ ਉੱਨਤ ਵਿਗਿਆਨ ਅਤੇ ਤਕਨੀਕ ਸੰਸਥਾਨ ਵਿਚਕਾਰ ਸਹਿਮਤੀ ਪੱਤਰ ਉਤੇ ਵੀ ਹਸਤਾਖ਼ਰ ਕੀਤੇ ਗਏ ਹਨ। ਭਾਰਤ ਅਤੇ ਜਾਪਾਨ ਨੇ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਦਾ ਖਾਕਾ ਵੀ ਤਿਆਰ ਕੀਤਾ ਹੈ। ਭਾਰਤ 'ਚ ਰਹਿਣ ਵਾਲੇ ਜਾਪਾਨੀ ਲੋਕਾਂ ਲਈ ਇੰਡੀਆ ਪੋਸਟ ਅਤੇ ਜਾਪਾਨ ਪੋਸਟ ਦੇ ਸਹਿਯੋਗ ਨਾਲ ਸ਼ੀਤ ਐਕਸਪ੍ਰੈੱਸ ਸੇਵਾ ਸ਼ੁਰੂ ਕੀਤੀ ਜਾਵੇਗੀ ਤਾਕਿ ਇਨ੍ਹਾਂ ਲੋਕਾਂ ਲਈ ਜਾਪਾਨ ਤੋਂ ਸਿੱਧਾ ਅਪਣਾ ਪਸੰਦੀਦਾ ਭੋਜਨ ਮੰਗਵਾਇਆ ਜਾ ਸਕੇ।  (ਪੀਟੀਆਈ)