ਭਾਰਤ ਅਤੇ ਜਾਪਾਨ ਵਿਚਕਾਰ 15 ਸਮਝੌਤੇ ਸਹੀਬੰਦ

ਖ਼ਬਰਾਂ, ਰਾਸ਼ਟਰੀ

ਗਾਂਧੀਨਗਰ, 15 ਸਤੰਬਰ : ਭਾਰਤ ਅਤੇ ਜਾਪਾਨ ਨੇ ਜਹਾਜ਼ਰਾਨੀ, ਕਾਰੋਬਾਰ, ਸਿਖਿਆ,ਵਿਗਿਆਨ, ਤਕਨੀਕ ਅਤੇ ਖੇਡਾਂ ਸਮੇਤ ਵੱਖ ਵੱਖ ਖੇਤਰਾਂ ਵਿਚ 15 ਸਮਝੌਤਿਆਂ ਤੇ ਦਸਤਖ਼ਤ ਕੀਤੇ ਹਨ ਅਤੇ ਰਾਜਸੀ ਪੱਖੋਂ ਅਹਿਮ ਹਿੰਦ ਪ੍ਰਸ਼ਾਂਤ ਖੇਤਰ ਵਿਚ ਸਹਿਯੋਗ ਵਧਾਉਣ ਪ੍ਰਤੀ ਵੀ ਸਹਿਮਤੀ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਜਾਪਾਨੀ ਪ੍ਰਧਾਨ ਮੰਤਰੀ ਸਿੰਜੋ ਆਬੇ ਨੇ ਅਹਿਮ ਦੁਵੱਲੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਸਮੇਤ ਹੋਰ ਕਈ ਹੋਰ ਵਿਸ਼ਿਆਂ ਤੇ ਵਿਆਪਕ ਚਰਚਾ ਕੀਤੀ। ਦੋਹਾਂ ਨੇਤਾਵਾਂ ਨੇ ਕਾਰੋਬਾਰ, ਸੁਰੱÎਖਿਆ ਅਤੇ ਗ਼ੈਰ-ਫ਼ੌਜੀ ਪ੍ਰਮਾਣੂ ਊਰਜਾ ਖੇਤਰ ਵਿਚ ਸਬੰਧ ਹੋਰ ਮਜ਼ਬੂਤ ਬਣਾਉਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ-ਜਾਪਾਨ ਰਿਸ਼ਤੇ ਦੁਵੱਲੇ ਅਤੇ ਧਰਾਤਲੀ ਖੇਤਰ ਤਕ ਸੀਮਿਤ ਨਹੀਂ ਹਨ, ਸਗੋਂ ਅਹਿਮ ਦੁਨਿਆਵੀ ਮਾਮਲਿਆਂ ਵਿਚ ਵੀ ਕਰੀਬ ਸਬੰਧ ਹੈ। ਸਿੰਜੋ ਆਬੇ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਤੋਂ ਬਾਅਦ ਕਿਹਾ, ' ਅਸੀਂ ਭਾਰਤ-ਜਾਪਾਨ ਨਿਵੇਸ਼ ਸਹਿਯੋਗ ਰੂਪਰੇਖਾ ਲਈ ਸਹਿਮਤ ਹੋਏ ਹਾਂ। ਅਸੀਂ ਸਾਂਝੇ ਬਿਆਨ 'ਤੇ ਵੀ ਦਸਤਖ਼ਤ ਕੀਤੇ ਹਨ ਜੋ ਭਾਰਤ-ਜਾਪਾਨ ਰਿਸ਼ਤਿਆਂ ਵਿਚ ਨਵੇਂ ਯੁੱਗ ਦੀ ਸਹਿਮਤੀ ਦਿੰਦਾ ਹੈ।' ਆਬੇ ਨੇ ਕਿਹਾ, 'ਅਸੀਂ ਭਾਰਤ ਜਾਪਾਨ ਦੇ ਵਿਸ਼ੇਸ਼ ਰਾਜਨੀਤਿਕ ਸਬੰਧਾਂ ਅਤੇ ਦੁਨਿਆਵੀ ਗਠਜੋੜ ਦੀ ਮਜ਼ਬੂਤੀ ਨੂੰ ਅੱਗੇ ਵਧਾਵਾਂਗੇ  ਅਤੇ ਇਸ ਨਾਲ ਹਿੰਦ ਪ੍ਰਸ਼ਾਂਤ ਖੇਤਰ ਅਤੇ ਪੂਰੀ ਦੁਨੀਆਂ ਵਿਚ ਸ਼ਾਂਤੀ ਅਤੇ ਅਮਨ ਦਾ ਰਸਤਾ ਬਣੇਗਾ।' ਆਬੇ ਨੇ ਮਾਲਾਬਾਰ ਤਿੰਨ-ਧਿਰੀ ਫ਼ੌਜੀ ਮਸ਼ਕ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਾਪਾਨ- ਭਾਰਤ-ਅਮਰੀਕਾ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਇਆਂ ਜਾਵੇਗਾ।
ਭਾਰਤ ਅਤੇ ਜਪਾਨ ਆਪਣੇ ਸਹਿਯੋਗ ਨੂੰ ਅਜਿਹੇ ਸਮੇਂ ਵਿਚ  ਮਜ਼ਬੂਤ ਕਰਨ ਦੀ ਪਹਿਲ ਕਰ ਰਹੇ ਹਾਂ ਜਦ ਹਿੰਦ ਪ੍ਰਸ਼ਾਂਤ ਖੇਤਰਾ ਵਿਚ ਚੀਨ ਦੀ ਸਰਗਰਮੀ ਵਧੀ ਹੈ।' ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਾਪਾਨ ਨੇ ਸਾਲ 2016-17 ਵਿਚ ਭਾਰਤ ਵਿਚ 4.7 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਜੋ ਪਿਛਲੇ ਸਾਲ ਦੀ ਤੁਲਨਾ ਵਿਚ 80 ਫ਼ੀ ਸਦੀ ਜ਼ਿਆਦਾ ਹੈ। ਵਿਦੇਸ਼ ਮੰਤਰਾਲੇ ਨੇ ਦਸਿਆ ਕਿ ਭਾਰਤ-ਜਾਪਾਨ ਨੇ 12ਵੇਂ ਸਲਾਨਾ ਸੰਮੇਲਨ ਦੌਰਾਨ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਸਾਂਝੇ ਆਦਾਨ-ਪ੍ਰਦਾਨ ਕੰਮਕਾਜੀ ਸਹਿਤ 15 ਸਮਝੌਤੇ/ਦਸਤਾਵੇਜ਼ਾਂ 'ਤੇ ਦਸਤਖ਼ਤ ਕੀਤੇ।