ਨਵੀਂ ਦਿੱਲੀ, 30 ਨਵੰਬਰ: ਪਿਛਲੀ ਯੂ.ਪੀ.ਏ. ਸਰਕਾਰ ਉਤੇ ਤਿੱਖਾ ਵਾਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਦੇ ਰੌਸ਼ਨ ਭਵਿੱਖ ਅਤੇ 'ਨਿਊ ਇੰਡੀਆ' ਦੇ ਅਹਿਦ ਨੂੰ ਪੂਰਾ ਕਰਨ ਲਈ ਦੇਸ਼ 'ਚ ਵਿਵਸਥਾਗਤ ਤਬਦੀਲੀ ਲਈ ਵੱਡੀ ਤੋਂ ਵੱਡੀ ਸਿਆਸੀ ਕੀਮਤ ਚੁਕਾਉਣ ਲਈ ਤਿਆਰ ਹੈ। ਉਨ੍ਹਾਂ ਜ਼ੋਰ ਦਿਤਾ ਕਿ ਨਾ ਬਦਲੇ ਜਾ ਸਕਣ ਵਾਲੇ ਫ਼ੈਸਲਿਆਂ ਨੂੰ ਲੈਣ ਤੋਂ ਸਰਕਾਰ ਨੂੰ ਕੋਈ ਨਹੀਂ ਰੋਕ ਸਕੇਗਾ।ਮੋਦੀ ਨੇ ਕਿਹਾ, ''ਤੁਸੀ ਸਾਰਿਆਂ ਨੂੰ ਪਤਾ ਹੈ ਕਿ 2014 'ਚ ਜਦੋਂ ਅਸੀ ਆਏ ਤਾਂ ਸਾਨੂੰ ਵਿਰਾਸਤ 'ਚ ਕੀ ਮਿਲਿਆ ਸੀ? ਅਰਥਚਾਰੇ ਦੀ ਹਾਲਤ, ਗਵਰਨੈਂਸ ਦੀ ਹਾਲਤ, ਖ਼ਜ਼ਾਨਾ ਵਿਵਸਥਾ ਅਤੇ ਬੈਂਕਿੰਗ ਸਿਸਟਮ ਦੀ ਹਾਲਤ, ਸੱਭ ਵਿਗੜਿਆ ਹੋਇਆ ਸੀ।''ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਕਮਜ਼ੋਰ 5 ਦੇਸ਼ਾਂ ਵਿਚ ਗਿਣਿਆ ਜਾਂਦਾ ਸੀ। ਦੁਨੀਆਂ ਦੇ ਸਾਰੇ ਦੇਸ਼ ਸੋਚਦੇ ਸਨ ਕਿ ਅਰਥਚਾਰੇ ਦੇ ਸੰਕਟ ਤੋਂ ਅਸੀ ਤਾਂ ਬਾਹਰ ਆ ਜਾਵਾਂਗੇ ਪਰ ਇਹ ਕਮਜ਼ੋਰ 5 ਖ਼ੁਦ ਤਾਂ ਡੁੱਬਣਗੇ ਸਾਨੂੰ ਵੀ ਲੈ ਡੁੱਬਣਗੇ।ਪ੍ਰਧਾਨ ਮੰਤਰੀ ਨੇ ਕਿਹਾ, ''ਅੱਜ ਵੇਖੋ ਭਾਰਤ ਕਿੱਥੇ ਖੜਿਆ ਹੈ, ਕਿਸ ਸਥਿਤੀ 'ਚ ਹੈ, ਤੁਸੀ ਉਸ ਤੋਂ ਚੰਗੀ ਤਰ੍ਹਾਂ ਜਾਣੂ ਹੋ। ਵੱਡੇ ਹੋਣ ਜਾਂ ਛੋਟੇ, ਦੁਨੀਆਂ ਦੇ ਜ਼ਿਆਦਾਤਰ ਦੇਸ਼ ਅੱਜ ਭਾਰਤ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲਣਾ ਚਾਹੁੰਦੇ ਹਨ। ਕੋਮਾਂਤਰੀ ਮੰਚ ਉਤੇ ਭਾਰਤ ਅਪਣਾ ਅਸਰ ਲਗਾਤਾਰ ਵਧਾ ਰਿਹਾ ਹੈ। ਹੁਣ ਤਾਂ ਰੁਕਣਾ ਨਹੀਂ ਹੈ, ਅੱਗੇ ਹੀ ਵਧਦੇ ਜਾਣਾ ਹੈ।'' ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੁਮਿਟ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਸਿਆਸੀ ਤੌਰ 'ਤੇ ਕਿੰਨੀ ਵੱਡੀ ਕੀਮਤ ਚੁਕਾਉਣੀ ਪਵੇਗੀ, ਪਰ ਉਸ ਲਈ ਵੀ ਉਹ ਤਿਆਰ ਹਨ।